Tuesday 29 March 2011

ਮੇਲਾ ਜਠੇਰੇ ਗੋਤ ਚਾਨੀਆਂ ਦਾ

ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦ ਵਿਚ ਮੇਲਾ ਜਠੇਰੇ ਗੋਤ ਚਾਨੀਆਂ ਦਾ ਜੋ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਚੇਤ ੧੪ ਦੀ ਮੱਸਿਆ ਨੂ ਬੜੀ  ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ | ਇਸ ਬਾਰ ੨੬ ਅਖੰਡ ਪਾਠ ਸਾਹਿਬ ਜੀ ਦਾ ਪਾਠ ਰਖਇਆ  ਜਾਵੇਗਾ ਜਿਸ ਦੇ ਭੋਗ ੩ ਅਪ੍ਰੈਲ ਨੂ ਪਾਏ ਜਾਣ ਗੇ | ਰਾਗੀ ਢਾਡੀ ਸੰਗਤਾਂ ਨੂ ਨਿਹਾਲ ਕਰਨ ਗੇ |੨੯ ਤਾਰੀਕ ਨੂ ਪਿੰਡ ਚਾਨੀਆਂ ਤੋ ਮਹਾਰਾਜ ਦੇ ਸਰੂਪ ਪੂਰੀ ਸ਼ਰਧਾ ਦੇ ਨਾਲ ਪਿੰਡ ਸਰ੍ਕਪੁਰ ਵਿਖੇ ਲੈ ਜਾਏ ਜਾਣਗੇ  | ਗੁਰੂ ਕਾ ਲੰਗਰ ੫ ਦਿਨ ਅਤੁਟ ਵਰਤੇਗਾ |
ਸਾਰਾ ਪ੍ਰੋਗਰਾਮ ਸਰਦਾਰ ਜਸਵੀਰ ਸਿੰਘ  ਸਰਪੰਚ ,ਦਰਸ਼ਨ ਸਿੰਘ ,ਸਰਦਾਰ ਜਨਕ ਰਾਜ ਠੇਕੇਦਾਰ, ਸਰਦਾਰ ਮਹਾਂ ਸਿੰਘ ਸਰਦਾਰ ,ਮੋਹਿੰਦਰ ਸਿੰਘ ਦੀ ਦੇਖ ਰੇਖ ਵਿਚ ਹੋਵੇਗਾ ਸੰਗਤਾ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ | 


Monday 21 March 2011

ਸ਼ਹੀਦੀ ਤੇ ਵਿਸ਼ੇਸ਼ ਨੋਟ :-ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ...ਸਗੋਂ 'ਅਧਿਐਨ-ਪਸੰਦ' ਚੇਤੰਨ ਨੌਜਵਾਨ ਸੀ!


ਮਨਦੀਪ ਖੁਰਮੀ ਹਿੰਮਤਪੁਰਾ


ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ' ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰਵਾਉਣ ਵਾਲੇ ਲੀਡਰ ਕੀ ਜਾਨਣ ਕਿ ਜਦੋਂ ਕਿਸੇ ਮਾਂ ਦਾ ਪੁੱਤ ਲੋਕਾਂ ਲਈ ਫਾਂਸੀ ਚੜ੍ਹਦਾ ਹੈ ਤਾਂ ਉਸ ਮਾਂ ਉੱਪਰ ਕੀ ਬੀਤਦੀ ਹੋਵੇਗੀ। ਜਿਸਨੇ ਆਪਣੇ ਜਿਗਰ ਦਾ ਟੁਕੜਾ ਦੇਸ਼ ਲਈ ਕੁਰਬਾਨ ਕਰ ਦਿੱਤਾ। ਜੇ ਅੱਜ ਭਗਤ ਸਿੰਘ ਸਰੀਰਕ ਤੌਰ 'ਤੇ ਜੀਵਿਤ ਇਸ ਅਜੋਕੇ ਭਾਰਤ ਵਿੱਚ ਵਿਚਰ ਰਿਹਾ ਹੁੰਦਾ ਤਾਂ ਸ਼ਾਇਦ ਉਸ ਨੂੰ 'ਮਰਨ' ਲਈ ਵੀ ਥਾਂ ਨਹੀਂ ਸੀ ਲੱਭਣੀ ਕਿਉਂਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣ ਵਾਲੇ ਰਾਜਭਾਗ ਦੇ ਨਜਾਰੇ ਲੈ ਰਹੇ ਹਨ ਤੇ ਲੋਕਾਂ ਲਈ ਜਿੰਦਗੀਆਂ ਵਾਰਨ ਵਾਲੇ ਬਹੁਤ ਸਾਰੇ ਆਜਾਦੀ ਘੁਲਾਟੀਏ ਅਜੇ ਵੀ ਪੈਨਸ਼ਨਾਂ ਲਗਵਾਉਣ ਲਈ ਸਰਕਾਰੇ ਦਰਬਾਰੇ ਠੇਡੇ ਖਾਂਦੇ ਫਿਰਦੇ ਹਨ।
ਭਗਤ ਸਿੰਘ ਦੀ ਸੋਚ ਨਾਲ ਖਿਲਵਾੜ ਹੋਣਾ ਕੋਈ ਨਵੀਂ ਗੱਲ ਨਹੀਂ। ਤਖਤਾਂ ਉੱਪਰ ਕਾਬਜ ਲੋਕ ਜਾਣਦੇ ਹਨ ਕਿ ਜੇ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਆਮ ਲੋਕਾਂ ਦੇ ਜਿਹਨ ਦਾ ਹਿੱਸਾ ਬਣ ਗਈ ਤਾਂ ਰਾਜਨੀਤੀ ਸਿਰੋਂ ਉਹਨਾਂ ਦਾ ਚਲਦਾ ਤੋਰੀ-ਫੁਲਕਾ ਹਮੇਸ਼ਾ ਹਮੇਸ਼ਾ ਲਈ ਖੁੱਸ ਜਾਵੇਗਾ। ਫਿਰ ਉਹਨਾਂ ਦੇ ਆਪਣੇ ਲੋਲੂ-ਭੋਲੂ ਨਹੀਂ ਸਗੋਂ ਆਮ ਲੋਕਾਂ ਦੇ ਪੁੱਤ ਨੇਤਾ ਬਣ ਜਾਣਗੇ ਤੇ ਉਹਨਾਂ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਨਣਾ। ਇਹੀ ਕਾਰਨ ਹੈ ਕਿ ਗੋਰੇ ਅੰਗਰੇਜਾਂ ਤੋਂ ਬਾਦ ਹੁਣ ਸਾਡੇ ਆਪਣੇ ਹੀ 'ਦੇਸੀ ਅੰਗਰੇਜ' ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਮਿੱਟੀ ਮੋੜਨ ਦੇ ਆਹਰ 'ਚ ਰੁੱਝੇ ਹੋਏ ਹਨ। ਕਦੇ ਕੋਈ 'ਸਿਆਣਾ' ਆਗੂ ਬਿਆਨ ਦਾਗਦਾ ਹੈ ਕਿ 'ਭਗਤ ਸਿੰਘ ਸਹੀਦ ਹੀ ਨਹੀਂ.' ਕਦੇ ਕੋਈ ਭਗਤ ਸਿੰਘ ਨੂੰ ਸਿੱਖ, ਕਦੇ ਕੋਈ ਹਿੰਦੂ ਮਤ ਵਿੱਚ ਗਲਤਾਨ ਹੋਇਆ ਦੱਸਦਾ ਹੈ ਜਦੋਂਕਿ ਭਗਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਕਿ ਉਹ ਨਾਸਤਿਕ ਸੀ। ਸਿਰਫ ਨਾਸਤਿਕ ਸ਼ਬਦ ਆਪਣੇ ਨਾਲ ਜੋੜ ਲੈਣਾ ਹੀ ਤਾਂ ਭਗਤ ਸਿੰਘ ਦਾ ਗੁਨਾਂਹ ਨਹੀਂ? ਜਿਸਦੇ ਇਵਜ 'ਚ ਭਗਤ ਸਿੰਘ ਨੂੰ ਇਤਿਹਾਸ 'ਚੋਂ ਪਾਸੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਪੋਸਟਰ ਜਾਰੀ ਹੁੰਦੇ ਹਨ ਜਿਹਨਾਂ 'ਤੇ ਭਗਤ ਸਿੰਘ ਨੂੰ ਕਿਸੇ ਵੈਲੀ ਮੁੰਡੇ ਵਾਂਗ ਮੁੱਛ ਨੂੰ ਵਟ ਚਾੜ੍ਹਦੇ ਦਿਖਾਇਆ ਜਾਂਦਾ ਹੈ, ਕਿਸੇ ਪੋਸਟਰ 'ਚ ਉਸਨੂੰ ਹੱਥ ਪਿਸਤੌਲ ਫੜਾ ਕੇ ਕਤਲੋਗਾਰਦ ਕਰਨ ਲਈ ਕਾਹਲੇ ਨੌਜਵਾਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਦੇ ਭਗਤ ਸਿੰਘ ਦੀ ਫੋਟੋ ਵਾਲੇ ਸਟਿੱਕਰ ਵਿਕਣੇ ਆਉਂਦੇ ਹਨ ਜਿਹਨਾਂ 'ਤੇ ਲਿਖਿਆ ਮਿਲਦਾ ਹੈ ਕਿ
"ਲੋਹੜਿਆਂ ਦੇ ਸ਼ਰੀਫ ਹਾਂ,
ਸਿਰੇ ਦੇ ਲਫੰਗੇ ਹਾਂ।
ਮਾੜਿਆਂ ਨਾਲ ਮਾੜੇ ਹਾਂ,
ਤੇ ਚੰਗਿਆਂ ਨਾਲ ਚੰਗੇ ਹਾਂ।"
ਤੇ ਕਦੇ ਭਗਤ ਸਿੰਘ ਨੂੰ ਜੱਟਵਾਦ ਨਾਲ ਜੋੜ ਕੇ 'ਟੈਟੂ' ਬਣਾ ਕੇ ਡੌਲਿਆਂ 'ਤੇ ਉੱਕਰ ਦਿੱਤਾ ਜਾਂਦਾ ਹੈ। ਜਦੋਂਕਿ ਲੋੜ ਭਗਤ ਸਿੰਘ ਦੀਆਂ ਫੋਟੋਆਂ ਦੇ ਗੋਂਦਨੇ ਗੁੰਦਵਾਉਣ ਦੀ ਨਹੀਂ ਸਗੋਂ ਭਗਤ ਸਿੰਘ ਦੇ ਵਿਚਾਰਾਂ ਨੂੰ ਮਨੋਂ ਧਾਰਨ ਕਰਨ ਦੀ ਹੈ। ਅਜੇ ਤੱਕ ਅਜਿਹਾ ਪੋਸਟਰ ਕਦੇ ਵੀ ਵਿਕਣਾ ਨਹੀਂ ਆਇਆ ਜਿਸ ਵਿੱਚ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖੜ੍ਹਾ ਦਿਖਾਇਆ ਗਿਆ ਹੋਵੇ ਜਦੋਂਕਿ ਇਹ ਗੱਲ ਜੱਗ ਜਾਹਿਰ ਹੈ ਕਿ ਭਗਤ ਸਿੰਘ ਆਪਣੀ ਜਿੰਦਗੀ ਦੇ ਆਖਰੀ ਪਲਾਂ 'ਚ ਵੀ ਕਿਤਾਬ ਪੜ੍ਹਨ 'ਚ ਮਸ਼ਰੂਫ ਸੀ। ਭਗਤ ਸਿੰਘ ਦੀਆਂ ਜੱਜਾਂ ਵਕੀਲਾਂ ਨਾਲ ਹੋਈ ਦਲੀਲਬਾਜੀ ਵੀ ਉਸ ਦੇ ਕੀਤੇ ਅਧਿਐਨ ਦੀ ਮੂੰਹੋਂ ਬੋਲਦੀ ਤਸਵੀਰ ਹੈ। ਗਿਆਨ ਵਿਹੂਣਾ ਮਨੁੱਖ ਮੂੰਹ ਵਿੱਚ ਘੁੰਗਣੀਆਂ ਜਰੂਰ ਪਾ ਸਕਦਾ ਹੈ, ਦਲੀਲਬਾਜੀ ਨਾਲ ਗੱਲ ਨਹੀਂ ਕਰ ਸਕਦਾ। ਭਗਤ ਸਿੰਘ ਦਾ ਹੀ ਕਥਨ ਸੀ (ਹੈ) ਕਿ 'ਅਧਿਐਨ ਕਰ ਤਾਂ ਕਿ ਤੂੰ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇਂ...।' ਪਰ ਸੋਚਣ ਵਾਲੀ ਗੱਲ ਹੈ ਕਿ ਦੂਜਿਆਂ ਨੂੰ ਅਧਿਐਨ ਕਰਨ ਦੀਆਂ ਮੱਤਾਂ ਦੇਣ ਵਾਲੇ ਉਸ "ਪਰਮਗੁਣੀ ਭਗਤ ਸਿੰਘ" ਨੂੰ ਕਿਉਂ ਇੱਕ ਕਾਤਲ,ਵੈਲੀ ਜਾਂ ਲਫੰਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਕਿਉਂ.. ਕਿਉਂ?
ਇਸਦਾ ਜਵਾਬ ਸ਼ਾਇਦ ਇਹੀ ਹੋਵੇਗਾ ਕਿ ਜੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੂਬਹੂ ਲਾਗੂ ਕਰਨ ਦੀ ਕੋਈ ਵੀ ਸਰਕਾਰ 'ਗਲਤੀ' ਕਰਦੀ ਹੈ ਤਾਂ ਉਸਦਾ ਫਾਇਦਾ ਸਿੱਧੇ ਤੌਰ 'ਤੇ ਦੱਬੀ ਕੁਚਲੀ ਜਨਤਾ ਨੂੰ ਹੋਵੇਗਾ ਜਦੋਂਕਿ ਅਸਿੱਧੇ ਤੌਰ 'ਤੇ ਖਮਿਆਜਾ ਕੁਰਸੀਆਂ ਵੱਲ ਕੁੱਤੇਝਾਕ ਲਾਈ ਬੈਠੇ ਰਾਜਨੀਤਕ ਪਰਿਵਾਰਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਅੰਗਰੇਜਾਂ ਤੋਂ ਬਾਦ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਤੇ ਹੁਣ ਦੇਸੀ ਅੰਗਰੇਜਾਂ ਦੇ ਹੀ 'ਕਾਕੇ' ਪਲਦੇ ਹਨ। ਜੇ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੀ ਗੱਲ ਤੁਰਦੀ ਹੈ ਤਾਂ ਗਾਂਧੀਆਂ, ਅਬਦੁੱਲਿਆਂ, ਬਾਦਲਾਂ, ਕੈਪਟਨਾਂ ਦੇ ਪੁੱਤ ਪੋਤਰੇ ਪਿਤਾ ਪੁਰਖੀ ਕੁਰਸੀਆਂ 'ਤੇ ਰਾਜ ਨਹੀਂ ਕਰ ਸਕਣਗੇ ਸਗੋਂ ਲੋਕਾਂ ਦੇ ਪੁੱਤ ਉਹਨਾਂ ਕੁਰਸੀਆਂ 'ਤੇ ਚੜ੍ਹ ਸਕਦੇ ਹਨ। ਸਮਾਜਿਕ ਨਾ-ਬਰਾਬਰੀ ਵਾਲੇ ਖੁਸ਼ਹਾਲ ਸਮਾਜ ਵਿੱਚ ਹਰ ਕਿਸੇ ਕੋਲ ਰੁਜਗਾਰ ਹੋਵੇਗਾ, ਵਿੱਦਿਅਕ ਪੱਖੋਂ ਹਰ ਕੋਈ ਪੂਰਾ ਸੂਰਾ ਹੋਵੇਗਾ। ਕਿਸੇ ਜੁਆਕ ਦੇ ਹੱਥ ਹੋਟਲਾਂ 'ਤੇ ਜੂਠੇ ਭਾਂਡੇ ਮਾਂਜਣ 'ਚ ਨਹੀਂ ਸਗੋਂ ਕਿਤਾਬਾਂ ਜਾ ਖਿਡੌਣਿਆਂ ਨਾਲ ਚਿੱਤ ਪਰਚਾਉਣ ਦੇ ਕਾਬਲ ਹੋਣਗੇ। ਬਾਲਗ ਨੌਜਵਾਨ ਰੁਜਗਾਰ ਨਾ ਮਿਲਣ ਦੀਆਂ ਚਿੰਤਾਵਾਂ 'ਚ ਫਸ ਕੇ ਨਸ਼ਿਆਂ ਦੀ ਦਲਦਲ 'ਚ ਫਸਣ ਨਾਲੋਂ ਖੁਸ਼ਹਾਲ ਜੀਵਨ ਜਿਉਣ ਵੱਲ ਧਿਆਨ ਦੇਣਗੇ। ਬਜੁਰਗ ਬੁਢਾਪੇ ਨੂੰ ਸ਼ਰਾਪ ਵਾਂਗ ਹੰਢਾਉਂਦੇ ਬੁਢਾਪਾ ਪੈਨਸ਼ਨਾਂ ਲਈ ਦਰ ਦਰ ਦੀਆਂ ਠੋਕਰਾਂ ਨਹੀਂ ਖਾਣਗੇ। ਭਵਿੱਖ ਦੀ ਸਾਫ ਨਜਰ ਪੈਂਦੀ ਤਸਵੀਰ ਨੂੰ ਹਕੀਕਤ 'ਚ ਕੋਈ ਵੀ ਸਿਆਸੀ ਆਗੂ ਬਦਲਦੀ ਨਹੀਂ ਦੇਖਣੀ ਚਾਹੁੰਦਾ। ਇਹੀ ਵਜ੍ਹਾ ਹੈ ਕਿ ਸਭ ਭਗਤ ਸਿੰਘ ਨੂੰ ਲੋਕ ਮਨਾਂ 'ਚ ਪ੍ਰਵੇਸ਼ ਪਾਉਣੋਂ ਰੋਕਣ ਲਈ ਆਪਣਾ ਬਣਦਾ ਜੋਰ ਲਾ ਰਹੇ ਹਨ। ਇਸੇ ਅੰਦਰੇ ਅੰਦਰ ਬੁਣੀ ਜਾ ਰਹੀ ਬੁਣਤੀ ਦਾ ਹੀ ਹਿੱਸਾ ਹੈ ਕਿ ਜਿਹੜੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 31 ਮਾਰਚ ਦੇ ਦਿਨ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਸੀ, ਉਹ ਨਿਲਾਮੀ ਵੀ ਹੁਣ 23 ਮਾਰਚ ਨੂੰ ਹੋਣੀ ਦੱਸੀ ਜਾ ਰਹੀ ਹੈ। ਇਹ ਉਹੀ ਤੇਈ ਮਾਰਚ ਹੈ ਜਿਸ ਦਿਨ ਲੋਕ ਆਪਣੇ ਮਹਿਬੂਬ 'ਪਰਮਗੁਣੀ ਸ਼ਹੀਦ ਭਗਤ ਸਿੰਘ' ਨੂੰ ਯਾਦ ਕਰਨਗੇ। ਭਗਤ ਸਿੰਘ ਨੂੰ ਲੋਕ ਮਨਾਂ 'ਚੋਂ ਪਾਸੇ ਕਰਨ ਵੱਲ ਤੁਰੇ ਕਦਮਾਂ 'ਚੋਂ ਹੀ ਇੱਕ ਕਦਮ ਇਹ ਹੈ ਕਿ ਪੰਜਾਬ ਦੇ ਲੋਕ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਮਨਾਉਣ ਨਾਲੋਂ ਸਸਤੀ ਸ਼ਰਾਬ ਖਰੀਦਣ ਲਈ ਵਧੇਰੇ ਲਟਾਪੀਂਘ ਹੋਏ ਨਜਰ ਆਉਣਗੇ। ਪੰਜਾਬ ਵਿੱਚ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਪਿਉ ਪੁੱਤ ਦੀ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਉਸ ਅਧਿਐਨ ਪਸੰਦ ਲੋਕ ਨਾਇਕ ਦੇ ਸ਼ਹੀਦੀ ਦਿਨ ਤੇ ਲੋਕਾਂ ਨੂੰ 'ਸਿਆਣੇ' ਕਰਨ ਨਾਲੋਂ ਸਸਤੀ ਸ਼ਰਾਬ ਦੀ ਲੋਰ 'ਚ ਮਸਤ ਹੋਣ ਦਾ ਇੰਤਜਾਮ ਕਰ ਰਹੀ ਹੈ। ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਕਿੱਥੋਂ ਕੁ ਤੱਕ ਕਾਮਯਾਬ ਹੋਣ ਦਿੰਦੇ ਹਨ ਜਾਂ ਫਿਰ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੇ ਰਾਹ ਤੁਰਦੇ ਹਨ। ਅੰਤ ਵਿੱਚ ਭਗਤ ਸਿੰਘ ਦੇ ਕਥਨ ਨਾਲ ਇਜਾਜਤ ਚਾਹਾਗਾ ਕਿ " ਗਰੀਬਾਂ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।" ਪਰ ਸਮਾਜ ਨੂੰ ਇਹਨਾਂ ਹਾਲਾਤਾਂ ਤੱਕ ਪਹੁੰਚਣੋਂ ਰੋਕਣ ਵਾਲਿਆਂ ਦਾ ਵੀ ਧੁੰਨੀ ਤੱਕ ਜੋਰ ਲੱਗਿਆ ਹੋਇਆ ਹੈ। ਦੇਖਣਾ ਹੈ ਕਿ ਸ਼ਹੀਦ ਦੇ ਵਾਰਸ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਨੇਤਾਗਣ...|

Friday 18 March 2011

ਪੰਜਾਬੀ ਨਾਵਲਾਂ ਦੇ ਮਹਾਂ ਨਾਇਕ ... ਜਸਵੰਤ ਸਿੰਘ ਕੰਵਲ

"ਜਸਵੰਤ ਸਿੰਘ ਕੰਵਲ ਪੰਜਾਬੀ ਦਾ ਬੇਬਾਕ ਤੇ ਬੇਲਿਹਾਜ਼ ਨਾਵਲਕਾਰ ਹੈ। ਉਹ ਨਾਵਲਕਾਰ ਜਿਸ ਨੇ ਪੰਜਾਬੀ ਨਾਵਲਕਾਰੀ ਨੂੰ ਨਵੀਂ ਦਿਸ਼ਾ ਤੇ ਸੇਧ ਦਿੱਤੀ। ਉਸ ਦੇ ਪਾਠਕਾਂ ਦੀ ਇਕ ਵੱਖਰੀ ਸ਼੍ਰੇਣੀ ਹੈ। ਨਾਵਲ ਲਿਖਣ ਲਈ ਉਸ ਪੂਰਾ ਭਾਰਤ ਗਾਹ ਮਾਰਿਆ ਤੇ ਨਾਵਲਾਂ ਦੇ ਸਿਰੋਂ ਹੀ ਉਸ ਪੂਰਾ ਯੂਰਪ ਵੇਖ ਲਿਆ। ਜਿਥੇ ਕਿਤੇ ਵੀ ਪੰਜਾਬੀ ਹਨ ਸਭ ਉਸ ਦੇ ਨਾਵਲਾਂ ਨੂੰ ਰੂਹ ਨਾਲ ਪੜ੍ਹਦੇ ਹਨ। ਉਸ ਦੇ ਪਾਠਕ ਨਾਵਲ ਪੜ੍ਹਦੇ-ਪੜ੍ਹਦੇ ਆਪਣੇ ਪੰਜਾਬ ਦੇ ਖੇਤਾਂ ਵਿਚੋਂ ਦੀ ਵਿਚਰ ਜਾਂਦੇ ਹਨ। ਸੁਆਣੀਆਂ, ਸਕੂਲਾਂ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੋਂ ਲੈ ਕੇ ਘਾਗ ਸਿਆਸਤਦਾਨ ਉਨ੍ਹਾਂ ਦੇ ਨਾਵਲਾਂ ਨੂੰ ਬੜੀ ਸ਼ਿੱਦਤ ਨਾਲ ਪੜ੍ਹਦੇ ਹਨ। ਮੈਨੂੰ ਵੀ ਆਪਣੀ ਜ਼ਿੰਦਗੀ ਦੋ ਗੱਲਾਂ ਕਦੀ ਨਹੀਂ ਭੁੱਲ ਸਕਦੀਆਂ ਕਿ 1991 ਵਿਚ ਮੈਂ ਵੀ ਉਨ੍ਹਾਂ ਦਾ ਪਹਿਲਾ ਨਾਵਲ ‘‘ਪੂਰਨਮਾਸ਼ੀ'' ਚੋਰੀ ਚੁੱਕ ਕੇ ਪੜ੍ਹਿਆ ਸੀ ਤੇ ਕਦੀ ਗੁਰਦਾਸ ਮਾਨ ਨੇ ਵੀ ਇਹ ਗੱਲ ਆਖੀ ਹੋਈ ਹੈ ਕਿ ਉਨ੍ਹਾਂ ਦਾ ਨਾਵਲ ‘ਪੂਰਨਮਾਸ਼ੀ' ਉਸ ਨੇ ਵੀ ਪਹਿਲੀ ਹੀ ਬੈਠਕ ਵਿਚ ਪੜ੍ਹ ਲਿਆ ਸੀ। ਹਾਂ, ਇਹ ਗੱਲ ਸੱਚ ਹੈ ਕਿ ਉਨ੍ਹਾਂ ਦੇ ਨਾਵਲ ਪੜ੍ਹਦਿਆਂ ਵਿਚੋਂ ਉਣ ਨੂੰ ਮਨ ਨਹੀਂ ਕਰਦਾ, ਰੋਟੀ ਖਾਣੀ ਭਾਵੇਂ ਰਹਿ ਜਾਵੇ। ਪਾਠਕਾਂ ਦਾ ਇਕ ਉਹ ਖਾਸ ਵਰਗ ਵੀ ਵੇਖਿਆ ਹੈ ਜੋ ਅੰਮ੍ਰਿਤ ਵੇਲੇ ਰੱਬ ਦਾ ਨਾਂ ਲੈਣ ਦੀ ਥਾਂ ਕੰਵਲ ਦੇ ਨਾਵਲ ਪੜ੍ਹਦੇ ਹਨ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਜਿਥੇ ਕੰਵਲ ਦੇ ਨਾਵਲ ਨੌਜਵਾਨ ਵਰਗ ਨੂੰ ਸੇਧ ਦਿੰਦੇ ਹਨ ਉਥੇ ਪੰਜਾਬ ਦੀ ਸਿਆਸਤ ਤੇ ਆਰਥਿਕ ਮੰਦਹਾਲੀ ਬਾਰੇ ਜ਼ਿੰਮੇਵਾਰ ਨੇਤਾਵਾਂ ਦੇ ਡਿੱਗ ਚੁੱਕੇ ਮਿਆਰ ਤੇ ਡੂੰਘੀ ਸੱਟ ਮਾਰਦੇ ਹਨ। ਇਕ ਸੁਚੱਜੇ ਪਾਠਕ ਨੂੰ ਉਨ੍ਹਾਂ ਦੇ ਨਾਵਲਾਂ ਤੋਂ ਸੇਧ ਮਿਲਦੀ ਹੈ। ਕੁਝ ਕਰ ਗੁਜ਼ਰਨ ਦੀ ਇੱਛਾ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਕੋਈ ਸਬਕ ਸਿੱਖ ਸਕਣ। ਅੱਜ ਰੁੜਦੇ ਜਾ ਰਹੇ ਪੰਜਾਬ ਤੇ ਉਨ੍ਹਾਂ ਹੀ ਹਾਅ ਦਾ ਨਾਅਰਾ ਮਾਰਿਆ ਹੈ। ਉਹ ਹਰ ਪੰਜਾਬੀ ਦਾ ਦਰਵਾਜ਼ਾ ਖੜਕਾ ਰਿਹਾ ਹੈ ਕਿ ਕੋਈ ਉਠੋ ਤੇ ਪੰਜਾਬ ਨੂੰ ਬਚਾਵੋ। ਪੰਜਾਬ ਨੂੰ ਅੱਜ ਇਕ ਨਹੀਂ ਕਿੰਨੀਆਂ ਹੀ ਅਲਾਮਤਾਂ ਨੇ ਘੇਰਿਆ ਹੋਇਆ ਹੈ। ਬੇਰੁਜ਼ਗਾਰੀ ਦੀ ਸਮੱਸਿਆ, ਨਸ਼ਿਆਂ ਵਿਚ ਗਲਤਾਨ ਹੋ ਰਹੀ ਜਵਾਨੀ, ਵਿਦੇਸ਼ਾਂ ਦੀ ਲਲਕ-ਝਲਕ ਵਿਚ ਏਜੰਟਾਂ ਦੇ ਰਾਹੀਂ ਅਣਿਆਈ ਮੌਤ ਦੇ ਮੂੰਹ ਵਿਚ ਡਿੱਗ ਰਿਹਾ ਨੌਜਵਾਨ ਵਰਗ, ਅਣਜੋੜ ਵਿਆਹਾਂ ਰਾਹੀਂ ਕਲੰਕਿਤ ਹੋ ਰਹੀਆਂ ਪੰਜਾਬ ਦੀਆਂ ਧੀਆਂ, ਪੰਜ ਪਾਣੀਆਂ ਦੀ ਧਰਤੀ ਨੂੰ ਦਰਪੇਸ਼ ਆ ਰਹੀ ਪਾਣੀ ਦੀ ਥੋੜ, ਫੈਲ ਰਿਹਾ ਮਾਰੂਥਲ ਦਾ ਜੰਗਲ। ਇਹ ਸਾਰੀਆਂ ਅਲਾਮਤਾਂ ਉਸ ਕਾਢ ਦੀਆਂ ਹੀ ਧੀਆਂ ਹਨ ਜਿਨ੍ਹਾਂ ਨੂੰ ਅਸੀਂ ਆਰਥਿਕ ਖੁਸ਼ਹਾਲੀ ਤੇ ਤਰੱਕੀ ਦਾ ਨਾਂ ਦਿੱਤਾ ਹੈ। ਇਸ ਜੁਝਾਰੂ ਨਾਵਲਕਾਰ ਦਾ ਜਨਮ 27 ਜੂਨ 1919 ਨੂੰ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮੁਹੱਲਾ ਸਿੰਘ ਦੇ ਘਰ ਹੋਇਆ। 1943 ਵਿਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇਕ ਸਪੁੱਤਰ ਨੇ ਜਨਮ ਲਿਆ। ਅੱਜ ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਸਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਹਰਮੀਤ ਤੇ ਸੁਮੀਤ ਦਾ ਪਿਤਾ ਹੈ। ਕੰਵਲ ਦੀ ਨੂੰਹ ਇਕ ਸੁੱਘੜ ਸਿਆਣੀ ਔਰਤ ਹੈ। ਘਰ ਵਿਚ ਆਏ ਹਰ ਮਹਿਮਾਨ ਦੀ ਸੇਵਾ ਕਰ ਕੇ ਉਸ ਨੂੰ ਖੁਸ਼ੀ ਮਿਲਦੀ ਹੈ। ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਇਹ ਸੱਚ ਹੈ ਕਿ ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ। ਹਰ ਇਨਸਾਨ ਦੇ ਪਹਿਲੇ ਪਿਆਰ ਵਾਂਗ ਉਨ੍ਹਾਂ ਦਾ ਪਹਿਲਾ ਪਿਆਰ ਇਕ ਚੀਨੀ ਮੁਟਿਆਰ ਹੀ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ 'ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿਚ ਸ਼ੁਰੂ ਹੋਇਆ ਤੇ ਪੰਜਾਬ ਵਿਚ ਪ੍ਰਵਾਨ ਚੜ੍ਹਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕੇ 1941-42 ਵਿਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ' ਲਿਖੀ ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿਚ ਚਰਚਾ ਛੇੜ ਦਿੱਤੀ। ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ'' ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸ਼ਨਿਕ ਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿਚ ਪਾਠਕਾਂ ਦੇ ਹੱਥਾਂ ਵਿਚ ਆਇਆ। ਤੇ ਉਸ ਤੋਂ ਬਾਅਦ ਵਿਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ। ਕਹਿ ਨਾਵਲ ਬਾਜ਼ਾਰ ਵਿਚ ਆਇਆ ਤੇ ਕਹਿ ਹੱਥੋਂ ਹੱਥ ਵਿਕ ਗਿਆ। ਪਿਆਰ, ਪੀੜ, ਵੇਦਨਾ ਤੇ ਦਿਲੀ ਵਲਵਲਿਆਂ ਦਾ ਪ੍ਰਤੀਕ ਨਾਵਲ ‘‘ਪਾਲੀ'' ਉਨ੍ਹਾਂ ਦਾ ਦੂਜਾ ਨਾਵਲ ਸੀ। ਕੰਵਲ ਹੁਰਾਂ ਨਾਲ ਜਦ ਵੀ ਕਦੀ ਉਨ੍ਹਾਂ ਦੇ ਨਾਵਲਾਂ ਦੀ ਗੱਲ ਤੁਰੇ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਦਾ ਇਹ ਨਾਵਲ ਪੜ੍ਹ ਕੇ ਹੀ, ਉਸ ਵੇਲੇ ਦੇ ਨਾਵਲ ਪਿਤਾਮਾ ਨਾਨਕ ਸਿੰਘ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਚ ਮਿਲਣ ਆਏ। ਉਸ ਵੇਲੇ ਦੀ ਗੱਲ ਸੁਣਾਉਂਦੇ ਹੋਏ ਦੱਸਦੇ ਹਨ, ‘‘ਮੈਂ ਦਫਤਰ ਵਿਚ ਬੈਠਾ ਸੀ ਕਿ ਪਿਛਿਓਂ ਕਿਸੇ ਨੇ ਆ ਕੇ ਮੇਰੇ ਮੋਢਿਆਂ 'ਤੇ ਦੋਵੇਂ ਹੱਥ ਰੱਖ ਦਿੱਤੇ। ਮੈਂ ਇਕ ਦਮ ਹੀ ਘਬਰਾ ਕੇ ਵੇਖਿਆ ਕਿ ਨਾਨਕ ਸਿੰਘ ਖੜ੍ਹੇ ਸਨ। ਮੈਂ ਘਬਰਾ ਕੇ ਖੜ੍ਹਾ ਹੋ ਗਿਆ ਤੇ ਕਿਹਾ, ਮੈਨੂੰ ਬੁਲਾਵਾ ਭੇਜ ਦਿੰਦੇ ਮੈਂ ਆਪ ਚਲ ਕੇ ਆਉਂਦਾ, ਤੁਸੀਂ ਕਿਉਂ ਇੰਨਾ ਕਸ਼ਟ ਕਿਉਂ ਕੀਤਾ। ਤਦ ਨਾਨਕ ਸਿੰਘ ਕਹਿਣ ਲੱਗੇ ਕਿ ਮੈਂ ਸਿਰਫ ਤੈਨੂੰ ਸਿਰਫ ਇਹੀ ਕਹਿਣ ਆਇਆ ਹਾਂ, ਕਿ ‘‘ਤੂੰ ਬਹੁਤ ਵਧੀਆ ਲਿਖਦਾ ਹੈ, ਲਿਖਣਾ ਨਾ ਛੱਡੀ।'' ਪੰਜਾਬ ਦੇ ਸਾਹਿਤ ਦੇ ਮਾਲਾ ਦਾ ਮੋਤੀ ਤੇ ਅਸਲ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ, ਪੇਂਡੂ ਜੀਵਨ ਦੀ ਝਲਕ ਦਿਖਲਾਉਂਦਾ ਨਾਵਲ ‘‘ਪੂਰਨਮਾਸ਼ੀ'' ਉਨ੍ਹਾਂ ਦਾ ਤੀਜਾ ਨਾਵਲ ਸੀ। ਤੇ ਹਰ ਪੰਜਾਬੀ ਦੀ ਪਸੰਦ ਦਾ ਪਹਿਲਾ ਨਾਵਲ ਹੈ। ‘‘ਰਾਤ ਬਾਕੀ ਹੈ'' ਉਨ੍ਹਾਂ ਦਾ ਚੌਥਾ ਨਾਵਲ ਸੀ। ਇਹ ਨਾਵਲ ਉਨ੍ਹਾਂ ਉਦੋਂ ਲਿਖਿਆ ਜਦੋਂ ਕਮਿਊਨਿਸਟ ਪਾਰਟੀ ਆਪਣੇ ਸਿਖਰਾਂ 'ਤੇ ਸੀ। ਇਸ ਤੋਂ ਬਾਅਦ ਇਸ ਦਾ ਪਤਨ ਸ਼ੁਰੂ ਹੋ ਗਿਆ। ਕੰਵਲ ਹੁਰਾਂ ਦੇ ਇਸ ਨਾਵਲ ਨੇ ਉਨ੍ਹਾਂ ਦੀ ਜ਼ਿੰਦਗੀ ਵਿਚ ਵੀ ਇਕ ਖੂਬਸੂਰਤ ਮੋੜ ਲਿਆਂਦਾ। ਸੂਰਜਪੁਰ ਫੈਕਟਰੀ ਵਿਚ ਮੈਡੀਕਲ ਇੰਚਾਰਜ ਲੱਗੀ ਇਕ ਕੁੜੀ ‘‘ਡਾ ਜਸਵੰਤ ਕੌਰ'' ਨੇ ਉਨ੍ਹਾਂ ਨਾਲ ਖਤੋ-ਕਿਤਾਬਤ ਦਾ ਸਿਲਸਿਲਾ ਸ਼ੁਰੂ ਕੀਤਾ। ਉਹ ਕੁੜੀ ਬਾਅਦ ਵਿਚ ਉਨ੍ਹਾਂ ਦੀ ਜੀਵਨ ਸਾਥਣ ਬਣੀ ਡਾ ਜਸਵੰਤ ਗਿੱਲ। ਡਾ ਜਸਵੰਤ ਗਿੱਲ ਤੇ ਜਸਵੰਤ ਸਿੰਘ ਕੰਵਲ ਹੁਰੀਂ 1955 ਤੋਂ 1997 ਤੱਕ (42 ਸਾਲ) ਇਕੱਠੇ ਰਹੇ। ਕੰਵਲ ਹੁਰਾਂ ਦੇ ਕਹਿਣ ਮੁਤਾਬਕ ਡਾ ਜਸਵੰਤ ਗਿੱਲ ਹੀ ਉਨ੍ਹਾਂ ਦੇ ਸਾਹਿਤਕ ਸਫਰ ਵਿਚ ਉਨ੍ਹਾਂ ਦਾ ਆਦਰਸ਼ ਸੀ ਜਿਸ ਨੇ ਉਨ੍ਹਾਂ ਨੂੰ ਲਿਖਣ ਵੱਲ ਪ੍ਰੇਰਿਤ ਕੀਤਾ। ਸਿਦਕੀ, ਸਿਰੜੀ ਤੇ ਸਾਹਸੀ ਕੰਵਲ ਨੇ ਜ਼ਿੰਦਗੀ ਵਿਚ ਉਹ ਕੁਝ ਹੀ ਕੀਤਾ, ਜੋ ਉਨ੍ਹਾਂ ਦੇ ਮਨ ਵਿਚ ਆਇਆ। ਡਰ, ਭੈਅ ਤੇ ਪ੍ਰੇਸ਼ਾਨੀਆਂ ਉਸ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸਨ। ਲਿਖਦਿਆਂ- ਲਿਖਦਿਆਂ ਹੀ ਉਨ੍ਹਾਂ ਦੇ ਅੰਦਰ ਇੰਨੀ ਸੂਰਮਤਾਈ ਆਈ ਕਿ ਉਨ੍ਹਾਂ ਨੇ 70ਵਿਆਂ ਦੇ ਵਿਚ ਪੰਜਾਬ ਦਸ਼ ਤੇ ਕੌਮ ਦੇ ਹਾਲਾਤਾਂ ਦੇ ਮੱਦੇਨਜ਼ਰ ‘‘ਲਹੂ ਦੀ ਲੋਅ'' ਵਰਗੀ ਰਚਨਾ ਲਿਖ ਦਿੱਤੀ। 1971 ਤੋਂ 1972 ਤੱਕ ਉਨ੍ਹਾਂ ਨੇ ਇਸ ਨਾਵਲ ਦੇ ਖਰੜੇ ਤਿਆਰ ਕੀਤੇ। ਉਧਰ ਦੇਸ਼ ਵਿਚ ਐਮਰਜੈਂਸੀ ਲੱਗ ਗਈ। ਜਿਹੜੇ ਪਬਲਿਸ਼ਰ ਕਦੇ ਨਾਵਲ ਛਾਪਣ ਲਈ ਉਨ੍ਹਾਂ ਦੇ ਮਗਰ-ਮਗਰ ਫਿਰਦੇ ਸਨ, ਉਹ ‘‘ਲਹੂ ਦੀ ਲੋਅ'' ਵਰਗੀ ਰਚਨਾ ਛਾਪਣੋਂ ਡਰ ਗਏ। ਛਾਪੇਖਾਨਿਆਂ 'ਤੇ ਛਾਪੇ ਪੈਣ ਲੱਗ ਪਏ ਤੇ ਸਖਤ ਸੈਂਸਰਸ਼ਿਪ ਲਾਗੂ ਹੋ ਗਈ। ਕਿਸੇ ਪਬਲਿਸ਼ਰ ਨੇ ਹੌਸਲਾ ਨਹੀਂ ਕੀਤਾ ਕਿ ਉਹ ਉਨ੍ਹਾਂ ਦਾ ਨਾਵਲ ਛਾਪ ਸਕਣ। ਅਖੀਰ ‘‘ਲਹੂ ਦੀ ਲੋਅ'' ਨਾਵਲ ਸਿੰਗਾਪੁਰ ਵਿਚ ਛਪਿਆ ਤੇ ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਵਿਚ ਪੜ੍ਹਿਆ ਗਿਆ। ਕੁਝ ਕਾਪੀਆਂ ਪੰਜਾਬ ਵਿਚ ਵੀ ਸਮਗਲ ਹੋਈਆਂ ਤੇ ਹੱਥੋਂ ਹੱਥੀਂ ਵਿਕ ਗਈਆਂ। ਉਸ ਵੇਲੇ ਨਾਵਲ ਦੀ ਕੀਮਤ ਤੀਹ ਰੁਪਏ ਸੀ। ਐਮਰਜੈਂਸੀ ਟੁੱਟੀ ਤੇ ਆਰਸੀ ਵਾਲਿਆਂ ਨੇ ਨਾਵਲ ਦੀ ਕੀਮਤ 15 ਰੁਪਏ ਰੱਖ ਦਿੱਤੀ। ਉਸ ਨਾਵਲ ਦੀਆਂ ਬਾਰਾਂ ਹਾਜ਼ਾਰ ਤੋਂ ਵੀ ਵੱਧ ਕਾਪੀਆਂ ਵਿਕੀਆਂ। ਕੰਵਲ ਦਾ ਨਾਵਲ ‘‘ਤੌਸ਼ਾਲੀ ਦੀ ਹੰਸੋ'' ਸਾਹਿਤ ਅਕਾਦਮੀ ਐਵਾਰਡ ਨਾਲ ਨਿਵਾਜਿਆ ਹੋਇਆ ਨਾਵਲ ਹੈ। ਇਸ ਬਾਬਤ ਉਹ ਕਹਿੰਦੇ ਹਨ ਕਿ ਉੜੀਸਾ ਵਿਚ ਘੁੰਮਦਿਆਂ ‘‘ਤੌਸ਼ਾਲੀ ਦੀ ਹੰਸੋ'' ਮੇਰੇ ਜ਼ਿਹਨ ਵਿਚ ਉਭਰੀ। ਭੁਬਨੇਸ਼ਵਰ ਲਾਗੇ ਇਕ ਪਹਾੜੀ ਚਟਾਨ ਤੇ ਬੋਧੀਆਂ ਦਾ ਮੱਠ ਹੈ। ਉਥੇ ਖੜ੍ਹ ਕੇ ਜਦ ਮੈਂ ਦੂਰ ਹੇਠਾਂ ਤੱਕ ਵੇਖਿਆ, ਤਾਂ ਮੈਨੂੰ ਕਲਿੰਗਾ ਦੀ ਯਾਦ ਆ ਗਈ। ਅਸ਼ੋਕ ਨੇ ਉਥੇ ਬਹੁਤ ਕਤਲੇਆਮ ਕੀਤਾ ਸੀ। ਤੌਸ਼ਾਲੀ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਮੈਨੂੰ ਮਰ ਰਹੇ ਲੱਖਾਂ ਸਿਪਾਹੀ ਫੌਜੀਆਂ ਦੀਆਂ ਚੀਖਾਂ ਕੁਰਲਾਹਟਾਂ ਸੁਣਾਈ ਦਿੱਤੀਆਂ। ਲਾਸ਼ਾਂ ਦੇ ਢੇਰ ਦਿੱਸੇ। ਮੈਂ ਸੋਚਿਆ, ਘੱਟ ਗਿਣਤੀ ਸਦਾ ਹੀ ਕੁੱਟ ਖਾਂਦੀ ਆ ਰਹੀ ਹੈ। ਪੰਜਾਬ ਦਾ ਸੰਤਾਪ ਮੇਰੇ ਮੂਹਰੇ ਆਇਆ। ਭਾਰਤ ਨੂੰ ਆਜ਼ਾਦੀ ਮਿਲ ਗਈ, ਪਰ ਘੱਟ-ਗਿਣਤੀਆਂ ਨੂੰ ਕਦੇ ਵੀ ਆਜ਼ਾਦੀ ਦਾ ਲਾਭ ਨਾ ਮਿਲਿਆ। ਤੌਸ਼ਾਲੀ ਦੀ ਰਾਜਧਾਨੀ ਹੰਸੋ ਦੀ ਇਕ ਇਕ ਗੱਲ ਨੇ ਮੈਨੂੰ ਟੁੰਬਿਆ ਕਿ ਉਹ ਆਪਣੇ ਲੋਕਾਂ ਲਈ ਮਰਦੀ ਸੀ। ਇਹ ਵੀ ਸੱਚ ਹੈ ਕਿ ਕੰਵਲ ਹੁਰਾਂ ਦਾ ਮਨਪਸੰਦ ਨਾਵਲ ‘‘ਤੌਸ਼ਾਲੀ ਦੀ ਹੰਸੋ'' ਹੀ ਹੈ। ਉਹ ਕਹਿੰਦੇ ਹਨ ਕਿ ਇਹ ਨਾਵਲ ਲਿਖ ਕੇ ਹੀ ਮੈਨੂੰ ਰੂਹ ਦਾ ਰੱਜ ਮਿਲਿਆ। ਕੰਵਲ ਨੇ ਕੋਈ ਤੀਹ ਤੋਂ ਵੱਧ ਨਾਵਲ, ਦਸ ਕਹਾਣੀ ਸੰਗ੍ਰਹਿ, ਚਾਰ ਨਿਬੰਧ ਸੰਗ੍ਰਹਿ, ਇਕ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਇਸ ਖਜ਼ਾਨੇ ਨੂੰ ਅਮੀਰ ਕੀਤਾ। ਤਾਰੀਖ ਵੇਧਦੀ ਹੈ, ਸਿਵਲ ਲਾਈਨਜ਼, ਐਂਨਿਆਂ 'ਚੋ ਉਠੋ ਸੁਰਮਾ, ਮਨੁੱਖਤਾ, ਮਿੱਤਰ ਪਿਆਰੇ ਨੂੰ, ਪੰਜਾਬ ਦਾ ਸੱਚ, ਰੂਪਮਤੀ, ਮੁਕਤੀ ਮਾਰਗ, ਮਾਈ ਦਾ ਲਾਲ, ਮੂਮਲ, ਜੇਰਾ, ਹਾਣੀ, ਮੋੜਾ, ਬਰਫ ਦੀ ਅੱਗ, ਜੰਗਲ ਦੇ ਸ਼ੇਰ, ਕੌਮੀ ਵਸੀਅਤ ਉਨ੍ਹਾਂ ਦੇ ਪ੍ਰਮੁੱਖ ਨਾਵਲ ਹਨ। ਅੱਜ ਜਸਵੰਤ ਸਿੰਘ ਕੰਵਲ ਪੰਜਾਬੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਹੈ। ‘‘ਨੈਸ਼ਨਲ ਬੁੱਕ ਆਫ ਟਰਸਟ ਭਾਰਤ'' ਉਨ੍ਹਾਂ ਦੇ ਨਾਵਲ ‘‘ਪੂਰਨਮਾਸ਼ੀ'' ਨੂੰ ਭਾਰਤ ਦੀਆਂ ਹੋਰਨਾਂ ਭਾਸ਼ਾਵਾਂ ਵਿਚ ਛਾਪਣ ਜਾ ਰਿਹਾ ਹੈ। "

Thursday 17 March 2011

ਵੀਰ ਮਨਦੀਪ ਖੁਰਮੀ ਵਲੋਂ ਚਾਨੀਆਂ ਚ ਆਉਣ ਦੇ ਓਹਨਾ  ਦਾ ਧਨਵਾਦ ਕਰਦਾ ਹਾ|  ਦੁਨੀਆਂ ਦੇ ਸਾਰੇ ਪੰਜਾਬੀ ਅਖਬਾਰ ਇਕ ਥਾਂ ਦੇਖਣ ਲਈ http://www.himmatpura.com/ਤੇ ਕਲਿਕ ਕਰੋ |

Wednesday 16 March 2011

ਚਾਨੀਆਂ ਪਿੰਡ ਦੇ ਬਾਰੇ ਕੁਝ ਗੱਲਾਂ


ਚਾਨੀਆਂ ਪਿੰਡ ਪੰਜਾਬ ਦੇ ਜਲੰਧਰ ਜਿੱਲੇ ਦੀ ਤੇਹਸੀਲ ਨਕੋਦਰ  ਦਾ ਇਕ ਨਿੱਕਾ ਜੇਹਾ ਪਿੰਡ ਹੈ ਜਿਸ ਦੀ ਵੋਟਾਂ ਦੇ ਹਿਸਾਬ ਨਾਲ ੧੪੦੦[1400] ਗਿਣਤੀ ਹੈ ਏਸ ਪਿੰਡ ਵਿਚ ਜੇਆਦਾ ਗਿਣਤੀ ਤਰਖਾਣਾ ਦੀ ਹੈ ਬਾਕੀ ਏਸ ਪਿੰਡ ਵਿਚ ਜੱਟਾਂ ਦਾ ਕੋਈ ਘਰ ਨਹੀ ਹੈ
ਪਿੰਡ ਵਿਚ ਵਾਲਮੀਕ ,ਰਵਿਦਾਸੀ,ਨਾਈ,ਝਈਰ,ਅਰੋ‌ੜੇ,ਛੀਮਬੇ, ਦੀ ਘਰ ਹਨ| ਪਿੰਡ ਵਿਚ ਇਕ ਮੇਨ ਗੁਰੂਦੁਆਰਾ ਸਿੰਘ ਸਭਾ ਪਿੰਡ ਹੈ  ਸੰਤ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ   ਨੇ ਚਾਨੀਆਂ  ਨੂੰ ਸੋਨਾ ਕਹ ਕੇ ਵਰ ਦਿਤਾ ਹੈ  ਇਥੇ ਇਕ ਬਾਬੇ ਵਿਸ਼ਵਕਰਮਾਂ ਜੀ ਦਾ ਪੁਰਾਤਨ ਮੰਦਿਰ ਹੈ ਜੋ ਕੇ ਏਸ਼ੀਆ ਦਾ ਸਭ ਤੋਂ  ਉਚਾ ਮੰਦਿਰ ਹੈ| ਪਿੰਡ ਵਿਚ ਬਾਬਾ  ਚੜਤੂ ਜੀ ਦੀ ਮੱਟੀ , ਬਾਬਾ ਗੋਹਰ ਦੀ ਜਾਗ੍ਗਾ,ਸਮਾਧਾਂਵਾਲਾ  ਗੁਰੂਦੁਆਰਾ ਹੈ |ਪਿੰਡ ਵਿਚ ਦੁਸ਼ਹੇਰਾ ਬਹੂਤ ਧੂਮ ਧਾਮ  ਨਾਲ ਮਨਾਇਆ ਜਾਂਦਾ ਹੈ  ਲਕਸ਼ਮਣ ਮੂਰ੍ਸ਼ਾ ਅਸਲੀ ਹੁੰਦੀ ਹੈ| ਪਿੰਡ  ਵਿਚ ਸਰਕਾਰੀ ਅਲੀਮੇੰਟ੍ਰੀ ਸਕੂਲ , ਸਰਕਾਰੀ ਹਾਈ ਸਕੂਲ,ਡਿਸਪੈਂਸਰੀ ਹੈ|ਪਿੰਡ ਵਿਚ ਜੇਆਦਾ ਗਿਣਤੀ ਚਾਨੀਆਂ ਗੋਤ ਦੇ ਲੋਕਾਂ ਦੀ ਹੈ |ਪਿੰਡ ਵਿਚ ਦੋ ਖੇਡਣ ਲਈ ਦੋ ਗ੍ਰੋਉਂਡਾਂ ਹਨ | ਪਿੰਡ ਦੇ ਇਕ ਪਾਸੇ ਨਹਿਰ ਤੇ ਦੂਜੇ ਪਾਸੇ ਰੇਲਵੇ  ਲਗਦੀ ਹੈ|,ਜੇਹਨਾਂ ਤੋਂ ਦੂਜੇ ਪਿੰਡਾਂ ਦੀ ਹਦ ਸ਼ੁਰੂ ਹੁੰਦੀ ਹੈ |ਟਾਹਲੀ ,ਹੁਸੇਨਾਂਬਾਦ,ਗੁੜੇ,ਧਾਲੀਵਾਲ,ਥਾਬਲਕੇ ਪਿੰਡ ਨਾਲ ਲਗਦੇ ਹਨ|ਪਿੰਡ ਦੇ ਲੋਕ ਜੇਆਦਾਤਰ ਲੱਕੜ ਦਾ ਕਮ ਕਰਦੇ ਹਨ |ਪਿੰਡ ਵਿਚ ਤੇਰਾਂ ਕ੍ਰੇਆਨੇ ਦੀਆਂ ਦੁਕਾਨਾਂ ਹਨ |ਪਿੰਡ ਵਿਚ ਪਾਰਟੀਬਾਜ਼ੀ ਹਮੇਸ਼ਾਂ ਚਲਦੀ ਰਹੇਂਦੀ ਹੈ|ਪਿੰਡ ਵਿਚ ਦੋ ਥੜੇ ਹਨ, ਜਿਥੇ ਸਾਰਾ -ਸਾਰਾ ਦਿਨ ਲੋਕ ਤਾਸ਼ ਖੇਡਦੇ ਹਨ|ਪਿੰਡ ਵਿਚ ਵੜਦਿਆਂ ਸਾਰ ਪਾਣੀ ਵਾਲੀ ਟੰਕੀ ਆਉਂਦੀ ਹੈ |ਪਿੰਡ ਦੇ ਸਰਪੰਚ ਦਾ ਨਾਂ ਨਰਿੰਦਰ ਸਿੰਘ ਹੈ|ਪਿੰਡ ਦੇ ਲੋਕ ਜੇਆਦਾਤਰ ਪੜੇ ਲਿਖੇ ਹਨ|ਪਿੰਡ ਦੇ ਲੋਕ ਜੇਆਦਾਤਰ ਅਧੇਓਂ ਵਧ ਵਿਦੇਸ਼ਾਂ ਵਿਚ ਗਏ ਹਨ|