Saturday 23 April 2011

ਇੱਕ ਖ਼ਤ....ਪੰਜਾਬੀ ਗਾਇਕੀ 'ਚ 'ਬੁਰੀ ਤਰ੍ਹਾਂ' ਛਾ ਚੁੱਕੀ 'ਕੁਆਰੀ ਬੀਬੀ' ਦੇ ਨਾਂ ।

 ਮਨਦੀਪ ਖੁਰਮੀ ਹਿੰਮਤਪੁਰਾ 
ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ । ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ । ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ 'ਮਾਸ਼ੂਕਾਂ' ਦਰਸਾਉਣ 'ਚ ਵੀ! ਸੰਗੀਤ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦੈ, ਪਰ ਥੋਡੇ ਵੱਲੋਂ ਪਰੋਸਿਆ ਜਾ ਰਿਹਾ 'ਸੰਗੀਤ' ਤਾਂ ਲੋਕਾਂ ਦੇ ਮਨਾਂ 'ਚ ਪਾਰੇ ਵਰਗਾ ਅਸਰ ਕਰਦਾ ਨਜ਼ਰ ਆ ਰਿਹਾ ਹੈ । ਮੈਂ ਤਾਂ ਇਹ ਵੀ ਸੁਣਿਐ ਕਿ ਤੂੰ ਇੱਕ ਅਧਿਆਪਕਾ ਵੀ ਹੈਂ। ਭਾਈ ਕੁੜੀਏ... ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੈ.. ਤੇ ਤੂੰ..? ਤੂੰ ਤਾਂ ਆਪਣੇ ਵਿਦਿਆਰਥੀਆਂ ਨੂੰ ਆਦਰਸ਼ਕ ਗੀਤ ਹੀ ਅਜਿਹੇ ਦਿੱਤੇ ਹਨ ਕਿ,
"ਮਾਰਿਆ ਨਾ ਕਰ ਮਿੱਸ ਕਾਲ ਮਿੱਤਰਾ,
ਵੇ ਸਾਡੇ ਘਰ ਵਿੱਚ ਪੈਂਦੀ ਆ ਲੜਾਈ...।"

Saturday 16 April 2011

ਨਿੰਦਰ ਘੁਗਿਆਣਵੀ ਦੇ ਰੇਖਾ-ਚਿਤਰਾਂ ਦੀ ਕਿਤਾਬ 'ਵੱਡਿਆਂ ਦੀ ਸੱਥ' ਰਿਲੀਜ਼


ਜਲੰਧਰ-(ਬਲਵਿੰਦਰ ਬਾਲੂ) ਸਾਹਿਤ ਸਭਾ ਨਿੱਝਰਾਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਲਗਾਏ ਗਏ ਪੁਸਤਕ ਮੇਲੇ
ਨਿੰਦਰ ਘੁਗਿਆਣਵੀ ਦੀ ਕਿਤਾਬ 'ਵੱਡਿਆਂ ਦੀ ਸੱਥ' ਰਿਲੀਜ਼ ਕਰਨ ਸਮੇਂ ਇੰਦਰਜੀਤ ਸਿੰਘ ਜੀਤ, ਗੁਰਦੇਵ ਸਿੰਘ ਸਹੋਤਾ ਆਈ.ਪੀ.ਐੱਸ., ਵਰਿਆਮ ਸੰਧੂ, ਜਤਿੰਦਰ ਪਨੂੰ
ਅਤੇ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਸਵੇਰ ਦੇ ਸੈਸ਼ਨ ਵਿੱਚ ਇੰਗਲੈਂਡ ਤੋਂ ਆਏ ਦੋ ਹਾਸ-ਵਿਅੰਗ ਲੇਖਕਾਂ ਇੰਦਰਜੀਤ ਸਿੰਘ ਜੀਤ ਤੇ ਤੇਜਾ ਸਿੰਘ ਤੇਜ ਕੋਟਲੇ ਵਾਲੇ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਗੁਰਦੇਵ ਸਿੰਘ ਸਹੋਤਾ ਆਈ. ਜੀ. ਪੁਲੀਸ ਨੇ ਆਖਿਆ ਕਿ ਉਹਨਾਂ ਦਾ ਸਾਹਿਤ ਨਾਲ ਲਗਾਵ ਬਚਪਨ ਤੋਂ ਹੀ ਰਿਹਾ ਹੈ ਅਤੇ ਚੰਗੀਆਂ ਸਾਹਿਤਕ ਕ੍ਰਿਤਾਂ ਨੇ ਉਹਨਾਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਇਸ ਮੌਕੇ 'ਤੇ ਚਰਚਿਤ ਵਾਰਤਕਕਾਰ ਨਿੰਦਰ ਘੁਗਿਆਣਵੀ ਦੇ ਲਿਖੇ ਇੱਕ ਦਰਜਨ ਰੇਖਾ-ਚਿਤਰਾਂ ਦੀ ਕਿਤਾਬ 'ਵੱਡਿਆਂ ਦੀ ਸੱਥ' ਰਿਲੀਜ਼ ਕੀਤੀ ਗਈ,ਜਿਸ ਵਿੱਚ ਉਸਨੇ ਸੰਤੋਖ ਸਿੰਘ ਧੀਰ, ਕਿਰਪਾਲ ਕਜ਼ਾਕ, ਹਰਨਾਮ ਦਾਸ ਸਹਿਰਾਈ, ਅਜੀਤ ਸਿੰਘ ਪੱਤੋਂ, ਦੀਪਕ ਜੈਤੋਈ, ਗੁਰਦੇਵ ਸਿੰਘ ਰੁਪਾਣਾ, ਹਰਭਜਨ ਬਾਜਵਾ, ਪੂਰਨ ਸ਼ਾਹਕੋਟੀ, ਯਮਲਾ ਜੱਟ,ਵਿਰਸਾ ਸਿੰਘ, ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਸਨਮੁਖ ਸਿੰਘ ਅਜ਼ਾਦ,ਜਗਦੇਵ ਸਿੰਘ ਜੱਸੋਵਾਲ ਬਾਰੇ ਰੇਖਾ-ਚਿਤਰ ਸ਼ਾਮਿਲ ਕੀਤੇ ਹਨ। ਇਸ ਸਮਾਗਮ ਵਿੱਚ ਉਘੇ ਕਹਾਣੀਕਾਰ ਵਰਿਆਮ ਸੰਧੂ, ਜਤਿੰਦਰ ਪਨੂੰ, ਕੁਲਦੀਪ ਸਿੰਘ ਬੇਦੀ, ਪਿਆਰਾ ਸਿੰਘ ਭੋਗਲ ਕਰਨੈਲ ਸਿੰਘ ਨਿੱਝਰ ਨੇ ਨਿੰਦਰ ਘੁਗਿਆਣਵੀ ਦੀਆਂ ਲਿਖਤਾਂ ਬਾਰੇ ਆਪਣੇ ਵਿਚਾਰ ਰੱਖੇ। ਸਨਮਾਨਿਤ ਸ਼ਾਇਰਾਂ ਸ੍ਰੀ ਜੀਤ ਅਤੇ ਤੇਜਾ ਸਿੰਘ ਕੋਟਲਾ ਨੇ ਆਪਣੀਆਂ ਹਾਸ ਲਿਖਤਾਂ ਸੁਣਾ ਕੇ ਸ੍ਰੋਤਿਆਂ ਨੂੰ ਖੁਸ਼ ਕੀਤਾ। ਇਸ ਸਮਾਗਮ ਵਿੱਚ ਕਰਨੈਲ ਸਿੰਘ ਨਿੱਝਰ, ਜਗਦੀਸ਼ ਸਿੰਘ ਵਰਿਆਮ,ਗੁਰਮੀਤ ਸਿੰਘ ਗਿੱਲ, ਡਾ.ਰਜਿੰਦਰ ਸਿੰਘ, ਕਾਮਰੇਡ ਨੌਨਿਹਾਲ ਕਾਮਰੇਡ ਗੁਰਮੀਤ,ਚਿਰੰਜੀ ਲਾਲ ਕੰਗਣੀਵਾਲ, ਦੇਸ ਰਾਜ ਕਾਲੀ,ਬੇਅੰਤ ਸਿੰਘ ਸਰਹੱਦੀ,ਸੁਰਜੀਤ ਸਿੰਘ ਅਜੀਮਲ, ਸਵਰਨ ਟਹਿਣਾ, ਸੋਹਣ ਸਿੰਘ ਕਲਿਆਣ, ਰਜਿੰਦਰ ਪਰਦੇਸੀ, ਬਲਵਿੰਦਰ ਬਾਲੂ, ਚਮਨ ਲਾਲ ਲੱਕੀ, ਜਸਪਾਲ ਜੀਰਵੀ, ਲੰਡਨ ਤੋਂ ਅਵਤਾਰ ਸ਼ੇਰਗਿੱਲ ਤੇ ਤਾਰਾ ਸਿੰਘ ਤਾਰਾ,ਕੈਨਡਾ ਤੋਂ ਕੁਲਵਿੰਦਰ ਸ਼ੇਰਗਿਲ ਤੇ ਸ੍ਰੀ ਸ਼ਸ਼ ਨਿੱਝਰ ਸ਼ਾਮਲ ਹੋਏ। ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਡਾਇਰੈਕਟਰ ਡਾæਬਲਦੇਵ ਸਿੰਘ ਬੱਧਨ ਨੇ ਸਭਨਾ ਦਾ ਧੰਨਵਾਦ ਕੀਤਾ।

Tuesday 5 April 2011


ਹੇ ਪੰਜਾਬ ਦੇ 'ਸਿਆਣੇ' ਲੀਡਰੋ! ਆਪਣੀ ਸੋਚ ਦਾ ਆਪਣੇ ਹੱਥੀਂ ਜਨਾਜ਼ਾ ਨਾ ਕੱਢੋ..।

ਮਨਦੀਪ ਖੁਰਮੀ ਹਿੰਮਤਪੁਰਾ
ਬੇਚਾਰਾ ਪੰਜਾਬ ਹੁਣ ਸਿਰਫ ਕਹਿਣ ਨੂੰ ਹੀ ‘ਰੰਗਲਾ ਪੰਜਾਬ’ ਜਾਂ ਭਾਰਤ ਨਾਂ ਦੀ ਮੁੰਦਰੀ ਵਿਚਲਾ ਨਗ ਰਹਿ ਗਿਆ ਹੈ ਪਰ ਪੰਜਾਬ ਦਾ ਹਾਲ ਕੋਈ ਚੰਗਾ ਨਜ਼ਰ ਨਹੀਂ ਆ ਰਿਹਾ ਤੇ ਭਵਿੱਖ ਵਿੱਚ ਵੀ ਸੁਧਾਰ ਦੀ ਗੁੰਜਾਇਸ਼ ਨਹੀਂ ਜਾਪਦੀ। ਪੰਜਾਬ ਦੀ ਬਦਕਿਸਮਤੀ ਹੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬ ਨੂੰ ‘ਸਿਆਣੀ’ ਲੀਡਰਸਿ਼ਪ ਨਸੀਬ ਨਹੀਂ ਹੋ ਰਹੀ। ਪੰਜਾਬ ਦੇ ਲੋਕਾਂ ਨਾਲ ਕੀਤੇ ਜਾਂਦੇ ਚੋਣ ਵਾਅਦੇ ਅਕਸਰ ਵਫਾ ਨਹੀਂ ਹੁੰਦੇ ਤੇ ਉਹ ਸੱਤਾਧਾਰੀ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਦੇ ਆਗੂਆਂ ਦੀ ਦੂਸ਼ਣਬਾਜੀ ਦਰਮਿਆਨ ਆਪਣੀ ਦਰਦਨਾਕ ਮੌਤ ਮਰ ਜਾਂਦੇ ਹਨ। ਬੜਾ ਦੁੱਖ ਹੁੰਦੈ ਜਦੋਂ ਲੋਕਾਂ ਦੀਆਂ ਸੁੱਖ-ਸਹੂਲਤਾਂ ਤੋਂ ਧਿਆਨ ਹਟਾਕੇ ਸਾਡੇ ‘ਨੇਤਾ ਲੋਕ’ ਬੇਹੱਦ ਘਟੀਆ ਤੇ ਅਨੈਤਿਕ ਸ਼ਬਦਾਵਲੀ ਇੱਕ ਦੂਜੇ ਵਿਰੁੱਧ ਦਾਗਣ ਵਿੱਚ ਰੁੱਝੇ ਰਹਿੰਦੇ ਹਨ। ਅੰਗਰੇਜੀ ਦੀ ਇੱਕ ਨਸੀਹਤ ਹੈ ਕਿ “Be busy like a BEE,not like a MOSQUITO.” ਭਾਵ ਕਿ ਇੱਕ ਸ਼ਹਿਦ ਦੀ ਮੱਖੀ ਵਾਂਗ ਸ਼ਹਿਦ ਇਕੱਠਾ ਕਰਨ ‘ਚ ਰੁੱਝੇ ਰਹੋ ਨਾ ਕਿ ਇੱਕ ਮੱਛਰ ਵਾਂਗ।
ਪੰਜਾਬ ਦੀ ਅਜੋਕੀ ਰਾਜਨੀਤੀ ‘ਚ ਸਰਸਰੀ ਨਿਗ੍ਹਾ ਮਾਰੀਏ ਤਾਂ ਸੱਤਾ ਤੋਂ ਪਾਸੇ ਰਹਿ ਕੇ ਸਰਗਰਮ ਲੋਕ ਪੱਖੀ ਧਿਰਾਂ ਵਿੱਚ ਤਾਂ ਜਰੂਰ ਕੋਈ ਸ਼ਹਿਦ ਦੀ ਮੱਖੀ ਹੋ ਸਕਦੀ ਹੈ ਪਰ ਸੱਤਾਧਾਰੀ ਤੇ ਵਿਰੋਧੀ ਧਿਰ( ਅਕਾਲੀ ਤੇ ਕਾਂਗਰਸੀ) ਵਿੱਚ ਮੱਛਰਾਂ ਦੀ ਭਰਮਾਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਸ਼ਹਿਦ ਇਕੱਠਾ ਕਰਦਾ ਹੈ ਤਾਂ ਸਿਰਫ ਤੇ ਸਿਰਫ ਆਪਣੇ ਪਰਿਵਾਰ ਲਈ , ਆਪਣੇ ਨਿੱਜ ਲਈ। ਪੰਜਾਬ ਦੇ ਲੋਕ ਜਾਣ ਢੱਠੇ ਖੂਹ ‘ਚ। ਇੱਕ ਦੂਜੇ ਵਿਰੁੱਧ ਅਖਬਾਰੀ ਭੜਾਸ ਕੱਢਣ ਅਤੇ ਕਿਸੇ ਨਾ ਕਿਸੇ ਬਹਾਨੇ ਘਟੀਆ ਪੱਧਰ ਦੀ ਬਿਆਨਬਾਜੀ ਕਰਕੇ ਅਖਬਾਰਾਂ ਦੀਆਂ ਸੁਰਖੀਆਂ ‘ਚ ਬਣੇ ਰਹਿਣ ਤੋਂ ਬਗੈਰ ਸਾਡੇ ਰਾਜਨੀਤੀਵਾਨਾਂ ਕੋਲ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਜਾਪਦਾ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰ ਕਿਸੇ ਨੇ ਪੜ੍ਹਿਆ ਸੁਣਿਆ ਹੋਵੇਗਾ ਕਿ ਕਿਵੇ ਇੱਕ ਦੂਜੇ ਦੇ ਪੋਤੜੇ ਫਰੋਲੇ ਗਏ ਸਨ, ਇੱਕ ਦੂਜੇ ਦੇ ਪਜਾਮਿਆਂ ‘ਚ ਚੂਹੇ ਛੱਡਣ ਤੱਕ ਦੇ ਬਿਆਨ ਦਿੱਤੇ ਗਏ ਸਨ। ਕਿਵੇਂ ਸ਼ਰੇਆਮ ਇੱਕ ਦੂਜੇ ਦੇ “ਮਹਾਂ ਰਿਸ਼ਵਤਖੋਰ” ਹੋਣ ਸਬੂਤ ਤੱਕ ਅਖਬਾਰਾਂ ‘ਚ ਨਸ਼ਰ ਕੀਤੇ ਗਏ ਸਨ। ਕਿਵੇਂ ਇੱਕ ਦੂਜੇ ਨੂੰ ਜੇਲ੍ਹੀਂ ਡੱਕਣ ਦੀਆਂ ਗਰਮ ਗਰਮ ਖ਼ਬਰਾਂ ਲੋਕਾਂ ਦਾ ਜੀਅ ਲਵਾਈ ਰੱਖਦੀਆਂ ਸਨ। ਸਭ ਨੂੰ ਆਸ ਸੀ ਕਿ ਇਸ ਵਾਰ ਕੋਈ ਨਾ ਕੋਈ ‘ਸੱਪ’ ਜਰੂਰ ਨਿੱਕਲੂ। ਪਰ ਕੀ ਹੋਇਆ? ਕੁਛ ਵੀ ਨਹੀਂ। ਕੀ ਬਿਆਨਬਾਜੀ ਨੂੰ ਅਮਲੀ ਜਾਮਾ ਪਹਿਨਾਇਆ ਗਿਐ ? ਬਿਲਕੁਲ ਨਹੀਂ। ਪਰ ਭੋਲੀ ਜਨਤਾ ਕੀ ਜਾਣੇ ਕਿ ਇਹ ਤਾਂ ਉਹਨਾਂ ਨੂੰ ਭਾਵਨਾਤਮਕ ਤੌਰ ਤੇ ਬਲੈਕਮੇਲ ਕਰਨ ਲਈ ਸਟੰਟ ਖੇਡੇ ਜਾਂਦੇ ਹਨ।
ਹਰ ਰੋਜ਼ ਅਖਬਾਰ ਪੜ੍ਹੋ ਤਾਂ ਪੰਜਾਬ ਦੇ ਪ੍ਰਮੁੱਖ ਲੀਡਰਾਂ ਦੀ ਸੋਚ ਪ੍ਰਤੱਖ ਝਲਕਦੀ ਦਿਖੇਗੀ ਕਿ ਕਿਵੇਂ ਸੂਬੇ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਦੀ ਬਜਾਏ ਸਾਡੇ ‘ਸਿਆਣੇ’ ਸਮਝੇ ਜਾਂਦੇ ਲੀਡਰ ਇੱਕ ਦੂਜੇ ਨੂੰ ਧੀਆਂ ਭੈਣਾਂ ਦੀਆਂ ਗਾਲ੍ਹਾਂ ਕੱਢਦੇ ਪ੍ਰਤੀਤ ਹੁੰਦੇ ਹਨ ਪਰ ‘ਅੰਦਾਜ-ਏ-ਬਿਆਂ’ ਹੋਰ ਹੁੰਦਾ ਹੈ। ਹਾਸਾ ਆਉਂਦੈ ਜਦੋਂ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਆਪਣੀ ਮੂੰਹ ਬੋਲੀ ਭੈਣ ਨੂੰ ‘ਰਾਣੀ ਵਿਕਟੋਰੀਆ’ ਅਤੇ ਮੌਜੂਦਾ ਮੁੱਖ ਮੰਤਰੀ ਕਿਆਂ ਨਾਲ ‘ਰਲੀ’ ਹੋਣ ਦੇ ਬਿਆਨ ਦਾਗਦਾ ਹੈ। ਦੂਜੇ ਪਾਸਿਉਂ ਉਸੇ ਕਾਂਗਰਸ ਪਾਰਟੀ ਦੀ ਮੌਜੂਦਾ ਸੂਬਾ ਪ੍ਰਧਾਨ ਆਪਣੇ ‘ਕੈਪਟਨ’ ਭਰਾ ਨੂੰ ‘ਗਪੌੜਸੰਖ’, ‘ਝੂਠਿਆਂ ਦਾ ਸਰਦਾਰ’, ਅਤੇ ‘ਮਾਨਸਿਕ ਰੋਗੀ’ ਤੱਕ ਕਹਿ ਜਾਂਦੀ ਹੈ।
ਕਿਉਂ ਹੈ ਨਾ ਕਮਾਲ ਪੰਜਾਬ ਦੀ ਰਾਜਨੀਤੀ ਵਿੱਚ, ਕਿ ‘ਰਾਜ’ ਦੇ ਲੋਕਾਂ ਲਈ ਚੱਜ ਦੀ ਨੀਤੀ ਘੜ੍ਹਨ ਦੀ ਬਜਾਏ ਸ਼ਬਦਾਂ ਰਾਹੀਂ ਇੱਕ ਦੂਜੇ ਦੇ ਕੱਪੜੇ ਉਤਾਰੇ ਜਾਂਦੇ ਹਨ। ਇਸ ਤੋਂ ਹਾਸੋਹੀਣੀ ਰਾਜਨੀਤੀ ਕੀ ਹੋਵੇਗੀ ਕਿ ਪੰਜਾਬ ਦਾ ਮੁੱਖ ਮੰਤਰੀ (ਉਹ ਵੀ ਸਿਆਣਾ) ਆਪਣੀ ਵਿਰੋਧੀ ਧਿਰ ਦੇ ਸਾਬਕਾ ਮੁੱਖ ਮੰਤਰੀ ਨੂੰ ‘ਅਵਾਰਾ ਗਾਂ’ ਦਾ ਵਿਸੇਸ਼ਣ ਦੇਵੇ ਤੇ ਦੂਜੇ ਦਿਨ ਕੈਪਟਨ ਸਾਹਿਬ ਆਪਣੀ ਉੱਚ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਬਾਦਲ ਸਾਹਿਬ ਨੂੰ ‘ਫੰਡਰ ਮੱਝ’ ਤੱਕ ਕਹਿ ਦਿੰਦੇ ਹਨ। ਇਸ ਤੋਂ ਇਲਾਵਾ ਇੱਕ ਦੂਜੇ ਲਈ ਕੈਪਟਨ-ਸ਼ੈਪਟਨ, ਬਾਦਲ-ਸ਼ਾਦਲ, ਕੱਲ੍ਹ ਦੀ ਭੂਤਨੀ, ਬਲੂੰਗੜਾ ਆਦਿ ਸ਼ਬਦ ਵਰਤਣੇ ਪੰਜਾਬ ਦੀ ਰਾਜਨੀਤੀ ਦੇ ਮੁੱਖ ਅੰਗ ਬਣੇ ਹੋਏ ਹਨ।
ਮੈਂ ਕਮਅਕਲ ਮੇਰੇ ਸੂਬੇ ਦੇ ਦੋਵੇਂ ਧਿਰਾਂ ਦੇ ਅਖੌਤੀ ਸਿਆਣੇ ਲੀਡਰਾਂ ਨੂੰ ਬੇਨਤੀ ਜਰੂਰ ਕਰਨੀ ਚਾਹਾਂਗਾ ਕਿ ਲੋਕ ਉਹਨਾਂ ਦੀ ‘ਸਿਆਣਪ’ ਨੂੰ ਭਲੀ ਭਾਂਤ ਜਾਣਦੇ ਹਨ ਪਰ ਪਤਾ ਨਹੀਂ ਕਿਉਂ ਹਰ ਪੰਜ ਸਾਲ ਬਾਦ ਫਿਰ ਉਹਨਾਂ ਦੇ ਸਿਰੋਂ ਖਾਲ ਵਗ ਜਾਂਦਾ ਹੈ ਜੋ ਉਹ ਤੁਹਾਡੀ ਸਿਆਣਪ ਮਾਨਣ ਲਈ ਮਜ਼ਬੂਰ ਹੋ ਜਾਂਦੇ ਹਨ।
ਹੇ ਮੇਰੇ ਪੰਜਾਬ ਦੇ ਸਿਆਣੇ ਲੀਡਰੋ! ਪੰਜਾਬ ਦਾ ਬਚਪਨ ਤੁਹਾਡੇ ਕੋਲੋਂ ਉਹਨਾਂ ਦੇ ਬਚਪਨ ‘ਚ ਚਾਅ ਮਲ੍ਹਾਰ ਭਰਨ, ਚੰਗੀਆਂ ਵਿੱਦਿਅਕ ਸਹੂਲਤਾਂ(ਸਕੂਲਾਂ ‘ਚ ਅਧਿਆਪਕਾਂ ਦੀਆਂ ਆਸਾਮੀਆਂ ਭਰਨ), ਚੰਗੀਆਂ ਸਿਹਤ ਸਹੂਲਤਾਂ(ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਦਾ ਬੰਦੋਬਸਤ ਕਰਨ), ਨੌਜਵਾਨੀ ਤੁਹਾਡੇ ਕੋਲੋਂ ਉਹਨਾਂ ਦੇ ਵਿਹਲੇ ਹੱਥਾਂ ਲਈ ਰੁਜ਼ਗਾਰ ਦੀ ਮੰਗ ਕਰਦੀ ਹੈ ਤਾਂ ਜੋ ਉਹ ਆਪਣੇ ਮਾਪਿਆਂ ਦੀ ਡੰਗੋਰੀ ਬਣ ਸਕੇ ਤੇ ਗੈਰਮੁਥਾਜੀ ਤੋਂ ਬਚ ਸਕੇ। ਬੁਢਾਪਾ ਤੁਹਾਡੇ ਕੋਲੋਂ ਚਿੰਤਾ-ਮੁਕਤ ਰਹਿੰਦੀ ਖੂੰਹਦੀ ਜਿੰਦਗੀ ਕੱਟਣ ਲਈ ਸਹੂਲਤਾਂ ਦੀ ਮੰਗ ਕਰਦਾ ਹੈ ਨਾ ਕਿ ਡੇਢ -ਦੋ ਸੌ ਰੁਪਏ ਦੀ ਬੁਢਾਪਾ ਪੈਨਸ਼ਨ ਭੀਖ ਵਾਂਗ ਮੰਗਣ ਲਈ। ਪੰਜਾਬ ਦਾ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਆਪਣੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਲਈ ਤੁਹਾਡੇ ਪੁਤਲੇ ਫੂਕਣ ਦੇ ਰਾਹ ਤੁਰਿਆ ਹੋਇਆ ਹੈ ਤੇ ਤੁਸੀਂ ਇਹਨਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਗੰਦ ਉਗਲਣ ਦੇ ਰਾਹ ਤੁਰੇ ਹੋਏ ਹੋ। ਸਿਆਣੇ ਨਹੀਂ ਹੋ ਤਾਂ ਬਨਣ ਦੀ ਕੋਸਿ਼ਸ਼ ਕਰੋ, ਆਪਣੀ ਮਾੜੀ ਮੋਟੀ ਸੋਚ ਦਾ ਆਪਣੇ ਹੱਥੀਂ ਹੀ ਜਨਾਜ਼ਾ ਨਾ ਕੱਢੋ। ਪੰਜਾਬ ਦੇ ਲੋਕਾਂ ਦੀ ਜੂਨ ਸੁਧਾਰਨ ਲਈ ਤੁਸੀਂ ਹਾਲੇ ਸੇਰ ‘ਚੋਂ ਪੂਣੀ ਵੀ ਨਹੀਂ ਕੱਤੀ। ਲੋਕਾਂ ਨੂੰ ਤੁਹਾਡੇ ਵਾਅਦਿਆਂ ਦੇ ਲੌਲੀਪਾਪ (ਚੂਸੇ) ਜਾਂ ਲੱਕੜ ਦੇ ਮੁੰਡੇ ਨਹੀਂ ਚਾਹੀਦੇ ਸਗੋਂ ਉਹਨਾਂ ਦੀ ਭਲਾਈ ਲਈ ਇਮਾਨਦਾਰ ਬਣੋ।