Sunday 17 July 2011

ਗੱਲ ਸੁਣ ਮੇਰੇ ਪਿੰਡ


ਕੰਵਲਜੀਤ  ਸਿੰਘ "ਚਾਨੀ"
ਗੱਲ  ਸੁਣ ਮੇਰੇ ਪਿੰਡ ਦਿਆ , ਪਿੱਪਲਾ ਭੇਦ ਛੁਪਾ ਕੇ ਰੱਖੀਂ|
ਕੰਨੀਂ ਤਾਂ ਤੂੰ ਸੁਣ ਚੁੱਕਾਂ, ਏ ਵੇਖ ਚੁਕਾਂ ਏ ਅੱਖੀਂ|
  
ਗਾਨੀਂ ਨਾਲ ਰੁਮਾਲ ਵਟਾ ਕੇ ,ਇਥੇ ਕਸਮਾਂ ਖਾਈਆਂ |
ਘੁੱਟ ਘੁੱਟ ਕੱਸੀਆਂ ਪਿਆਰ ਤਣਾਵਾਂ, ਗੂੜ ਮੁਹੱਬਤਾਂ ਪਾਈਆਂ|
ਪਛਾਣ ਪੁਰਾਣੀ ਕੱਢ ਕੇ ਕੋਈ ,ਵਾਹਵਾਂ ਪਾਈਆਂ  ਵੱਖੀਂ|


ਕਈਆਂ ਕੁੜੀਆਂ ਸਿਖਰ ਦੁਪਹਿਰੇ , ਇਥੇ ਪੀਂਘਾਂ ਪਾਈਆਂ|
ਵਲ ਪਾਕੇ ਕਈ ਮੂੰਡਿਆਂ ਇਥੇ ,ਮੱਝੀਆਂ ਆਣ ਚਰਾਈਆਂ|
ਕਈਆਂ ਇਥੇ ਹਵਸ  ਦੀ ਖਾਤਿਰ, ਪਿਆਰ ਵਖਾਏ ਝੱਖੀਂ|


ਗਿਣਦਾ ਰਿਹਾ ਕੋਈ ਹੋਕੇ ਗਵੇ, ਕੇਰੇ ਹੰਝੂ ਕੋਸੇ |
ਹਾਸਿਆਂ ਵੱਟੇ ਵਿੱਕ ਗਏ ਜਿੰਦੜੀਏ, ਛੱਡ ਕੇ ਪਿਛਲੇ ਰੋਸੇ|
ਮੁੜ ਨਾਂ ਜਿਹੜੇ ਹੱਥ ਨਹੀਂ ਆਊਂਦੇ, ਸੌਈਂ ,ਹਜ਼ਾਰੀ, ਲੱਖੀਂ|


ਬਦਲੀਆਂ ਰੁੱਤਾਂ ਟਲੀਆਂ ਉੱਮਰਾਂ, ਰਹੇ ਅਣਥਕ ਨੇ ਜੇਰੇ|
ਨਾਂ ਓਹ ਰਾਤਾਂ ਧੂੜਾਂ ਕੰਢੇ, ਨਾਂ ਰਾਤਾਂ ਦੇ ਹਨੇਰੇ |
ਜਦ ਹਾਣੀ ਨੂੰ ਹਾਣੀ ਮਿਲਦੇ, ਅੱਗ ਲੁਕਾਏ ਕੱਖੀਂ|


ਮੇਰੇ ਵਾਂਗੂੰ ਕੱਲਾ ਏ ਤੂੰ, ਝੂਰੇ ਅੱਖੀਆਂ ਭਰਕੇ |
ਤੇਰੇ ਤੈਂਨੂੰ ਜਿਊਂਦੇ ਛੱਡ ਗਏ ,ਮੇਰੇ ਛੱਡ ਗਏ ਮਰ ਕੇ |
ਪਰ ! ਤੈਨੂੰ ਤੇ ਮੈਨੂੰ ਹੁਣ ਵੀ ਚਾਨੀ ਦੇਖੇ ਸ਼ੱਕੀਂ|
ਗੱਲ  ਸੁਣ ਮੇਰੇ ਪਿੰਡ ਦਿਆ, ਪਿੱਪਲਾ ਭੇਦ ਛੁਪਾ ਕੇ ਰੱਖੀਂ

No comments:

Post a Comment