Tuesday 21 February 2012

ਮਾਂ ਬੋਲੀ ਨੂੰ ਭੁੱਲ ਜਾਓਗੇ ਕੱਖਾਂ ਵਾਂਗੂੰ ਰੁਲ ਜਾਓਗੇ

ਮਾਂ ਨਾਲ ਪਿਆਰ ਕਿਸੇ ਤੇ ਅਹਿਸਾਨ ਨਹੀਂ ਸਗੋਂ ਮਨੁੱਖ ਦੀ ਆਪਣੀ ਹੀ ਜ਼ਰੂਰਤ ਹੈ ।ਮਾਂ ਦੇ ਦੁੱਧ ਦਾ ਮੁਲ ਕੋਈ ਨਹੀਂ ਚੁਕਾ ਸਕਦਾ, ਮਾਂ ਦੀ ਮਮਤਾ ਤੋਂ ਬੇਮੁਖ ਮਨੁੱਖ, ਮਨੁੱਖ ਹੀ ਨਹੀਂ ।ਫਿਰ ਮਾਂ ਤੋਂ ਸਿੱਖੀ, ਦੁਧ ਤੋਂ ਮਿੱਠੀ ਮਾਂ ਬੋਲੀ ਤੋਂ ਬੇਰੁਖੀ ਕਿਉਂ ? ਪੰਜਾਬੀਆਂ ਦਾ ਮਹਿਮਾਨ ਨਵਾਜ਼ੀ ਵਿਚ ਕੋਈ ਜਵਾਬ ਨਹੀਂ ਪਰ ਮਹਿਮਾਨ ਦੀ ਖਾਤਰ ਆਪਣੀ ਮਾਂ ਨੂੰ ਹੀ ਘਰੋਂ ਕੱਢ ਦਿੱਤਾ ਜਾਵੇ ਇਹ ਕਿੱਥੋਂ ਦੀ ਇਨਸਾਫੀ ਹੈ ? ਪੰਜਾਬੀ ਸ਼ਾਇਦ ਇਹ ਭੁੱਲ ਗਏ ਕਿ ਮਾਸੀਆਂ ਕਦੇ ਮਾਵਾਂ ਨਹੀਂ ਬਣਦੀਆਂ ।
ਪੰਜਾਬੀਆਂ ਦੇ ਘਰਾਂ ਵਿਚ ਆਪਸੀ ਗਲਬਾਤ ਹਿੰਦੀ ਜਾਂ ਅੰਗਰੇਜ਼ੀ ਵਿਚ ਹੋਣ ਲਗ ਪਈ ਹੈ , ਮਾਂ ਬੋਲੀ ਪੰਜਾਬੀ ਕਿਸੇ ਕੋਨੇ ਲੱਗੀ ਸਹਿਕ ਰਹੀ ਹੈ ।ਪੰਜਾਬ ਦੇ ਸਕੂਲਾਂ ਕਾਲਜਾ ਵਿਚ ਜੋ ਹਾਲ ਪੰਜਾਬੀ ਦਾ ਹੋ ਰਿਹਾ ਹੈ ਉਸ ਤੋਂ ਤਾਂ ਇਹ ਹੀ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਦਾ ਰੱਬ ਹੀ ਰਾਖਾ । ਪੰਜਾਬੀ ਵਿਦਵਾਨ ਆਪਣੀ ਵਿਦਵਾਨਤਾ ਦਰਸਾਉਣ ਲਈ ਹਿੰਦੀ-ਸੰਸਕ੍ਰਿਤੀ ਤੇ ਅੰਗਰੇਜ਼ੀ ਸ਼ਬਦਾਂ ਨੂੰ ਪਹਿਲ ਦਿੰਦੇ ਹਨ। ਪੰਜਾਬੀ ਆਲੋਚਕ ਪੱਛਮੀ ਸਿਧਾਂਤਾਂ ਨੂੰ ਪੇਸ਼ ਕਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ । ਕੀ ਅਜੇ ਤਕ ਪੰਜਾਬੀ ਦਾ ਵਿਹਾਰਿਕ ਅਧਿਐਨ ਕਰਨ ਲਈ ਪੰਜਾਬੀ ਕਾਵਿ ਸ਼ਾਸਤਰ ਲੋੜ ਹੀ ਮਹਿਸੂਸ ਨਹੀਂ ਹੋਈ ?ਮੇਰੇ ਵਰਗੇ ਅਨੇਕਾਂ ਪੰਜਾਬੀ ਨੌਜਵਾਨ ਪੰਜਾਬੀ ਦੀ ਉੱਚ ਵਿਦਿਆ ਹਾਸਲ ਕਰਨ ਤੋਂ ਬਾਅਦ ਬੇਕਾਰ ਮਹਿਸੂਸ ਕਰ ਰਹੇ ਹਨ । ਪੰਜਾਬੀ ਬੋਲੀ ਦਾ ਸਤਿਕਾਰ ਜਿਵੇਂ ਬੀਤੇ ਸਮੇਂ ਦੀ ਗਲ ਹੋ ਗਈ ਹੋਵੇ। ਰਸੂਲ ਹਮਜ਼ਾਤੋਵ ਅਨੁਸਾਰ, “ਜਿਹੜਾ ਆਦਮੀ ਆਪਣੀ ਮਾਂ-ਬੋਲੀ ਦਾ ਸਤਿਕਾਰ ਨਹੀਂ ਕਰਦਾ,ਉਹ ਸਾਰੀ ਇਜ਼ਤ ਗੁਆ ਬੈਠਦਾ ਹੈ”।ਇਸ ਕਥਨ ਨੂੰ ਮੁਖ ਰਖ ਕੇ ਸਾਨੂੰ ਸਾਰਿਆਂ ਨੂੰ ਆਪਣੀ ਸਵੈ ਪੜਚੋਲ ਕਰਨੀ ਚਾਹੀਦੀ ਹੈ।ਇਸ ਸਮੇਂ ਆਪਣੇ ਹੀ ਘਰ ਵਿਚ ਬੇਗਾਨੀ ਹੋਈ ਮਾਂ ਬੋਲੀ ਪੰਜਾਬੀ ਆਪਣੇ ਪੁੱਤਰਾਂ ਨੂੰ ਮਦਦ ਲਈ ਪੁਕਾਰ ਰਹੀ ਹੈ ।
ਪੰਜਾਬੀ ਬੋਲੀ ਪੰਜਾਬੀ ਸਾਹਾਂ ਦੀ ਬੋਲੀ ਹੈ ।ਇਸ ਵਿਚ ਪੰਜਾਬੀ ਮਾਨਸਿਕਤਾ ਡੁੱਲ-ਡੁੱਲ ਪੈਂਦੀ ਹੈ। ਇਸ ਤੋਂ ਦੂਰ ਜਾ ਕੇ ਅਸੀਂ ਕਦੇ ਖੁਸ਼ ਨਹੀਂ ਰਹਿ ਸਕਦੇ ।ਇਸ ਵਿਚ ਬਾਬਾ ਨਾਨਕ ਵੀ ਹੈ ਤੇ ਵਾਰਿਸ ਵੀ। ਇਸ ਵਿਚ ਗੁਰੂ ਗੋਬਿੰਦ ਦੀ ਵਾਰ ਵੀ ਹੈ ਤੇ ਸ਼ਿਵ ਦਾ ਦਰਦ ਵੀ ।
ਦੋਸਤਾ ਨਾ ਵੇਖ ਘਿਰਨਾ ਨਾਲ ਪੰਜਾਬੀ ਜ਼ੁਬਾਨ । ਇਸ ‘ਚ ‘ਨਾਨਕ’ ਵੀ ਹੈ, ‘ਵਾਰਸ’ ਵੀ ਹੈ ਤੇ ‘ਬਾਹੂ’ ਵੀ ਹੈ ।

ਫਿਰ ਪੰਜਾਬੀ ਆਪਣੀ ਮਾਂ ਬੋਲੀ ਤੋਂ ਦੂਰ ਕਿਉਂ ਜਾ ਰਹੇ ਹਨ? ਕਿਉਂ ਪੰਜਾਬੀ ਨੂੰ ਬਣਦਾ ਸਤਿਕਾਰ ਮਿਲ ਨਹੀਂ ਰਿਹਾ? ਸਮੁੱਚਾ ਪੰਜਾਬੀ ਵਰਗ ਮੂਕ ਦਰਸ਼ਕ ਕਿਉਂ ਬਣਿਆ ਹੈ? ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਲਈ ਸਮੁੱਚੇ ਪੰਜਾਬੀ ਵਰਗ ਨੂੰ ਸੁਚੇਤ ਹੋਣ ਦੀ ਲੋੜ ਹੈ। ਪੰਜਾਬੀਆਂ ਨੂੰ ਹਮੇਸ਼ਾ ਧਨੀ ਰਾਮ ਚਾਤ੍ਰਿਕ ਜੀ ਇਹ ਕਾਵਿ ਸਤਰਾਂ ਆਪਣੀ ਮਾਨਸਿਕਤਾ ਵਿਚ ਰੱਖਣੀਆ ਹੋਣਗੀਆਂ : ਅਸਾਂ ਨਹੀਂ ਭੁਲਾਉਣੀ ਚੰਨਾ, ਬੋਲੀ ਏ ਪੰਜਾਬੀ ਸਾਡੀ । ਏਹੋ ਜਿੰਦ ਜਾਨ ਸਾਡੀ, ਮੋਤੀਆਂ ਦੀ ਖਾਨ ਸਾਡੀ, ਹੱਥੋਂ ਨਹੀਂ ਗੁਆਉਣੀ ਚੰਨਾ, ਬੋਲੀ ਏ ਪੰਜਾਬੀ ਸਾਡੀ । ਤ੍ਰਿੰਞਣਾ ਭੰਡਾਰਾਂ ਵਿਚ,k ਮਿੱਠੀ ਤੇ ਸੁਹਾਉਣੀ ਚੰਨਾ, ਬੋਲੀ ਏ ਪੰਜਾਬੀ ਸਾਡੀ । ਜੋਗ ਤੇ ਕਮਾਈਆਂ ਵਿਚ, ਜੰਗਾਂ ਤੇ ਲੜਾਈਆਂ ਵਿਚ, ਏਹੋ ਜਿੰਦ ਪਾਉਣੀ ਚੰਨਾ, ਬੋਲੀ ਏ ਪੰਜਾਬੀ ਸਾਡੀ । ਫੁੱਲਾਂ ਦੀ ਕਿਆਰੀ ਸਾਡੀ। ਸੁੱਖਾਂ ਦੀ ਅਟਾਰੀ ਸਾਡੀ, ਭੁੱਲ ਕੇ ਨਹੀਂ ਢਾਉਣੀ ਚੰਨਾ, ਬੋਲੀ ਏ ਪੰਜਾਬੀ ਸਾਡੀ ।

No comments:

Post a Comment