Sunday 11 November 2012

ਚਾਨੀਆਂ ਦੇ ਪ੍ਰਸਿਧ ਵਿਸ਼ਵਕਰਮਾ ਮੰਦਰ ਦਾ ਇਤਿਹਾਸ ।


  ਚਾਨੀਆਂ ਦੇ  ਪ੍ਰਸਿਧ ਵਿਸ਼ਵਕਰਮਾ ਮੰਦਰ  ਦਾ ਇਤਿਹਾਸ ।
                       ਚਾਨੀਆਂ ਦਾ ਵਿਸ਼ਵਕਰਮਾ ਮੰਦਰ ਪਿੰਡ ਚਾਨੀਆਂ ਤੋਂ ਕਿਲੋਮੀਟਰ ਬਾਹਰ  ਪਿੰਡ ਦੇ ਪੱਛਮ ਵੱਲੋ ਵਿਸ਼ਵਕਰਮਾ ਬੰਸੀਆਂ ਦਾ ਸਭ ਤੋ ਉਚਾ ਵਿਸ਼ਵਕਰਮਾ ਮੰਦਰ ਹੈ । ਮੰਦਰ ਦੀ ਜਗ੍ਹਾ ਕੋਈ ਢਾਈ ਏਕੜ ਦੇ ਲਗਭਗ ਹੈ ਜਿਹਦੇ ਵਿਚ ਮੰਦਰ ਤੋ ਇਲਾਵਾ ਅੰਬਾਂ ਦਾ ਬਾਗ, ਹੋਰ ਫਲਦਾਰ ਅਤੇ ਸਜਾਵਟੀ ਫੁੱਲ ਬੂਟੇ ਲੱਗੇ ਹੋਏ ਹਨ ।
ਇਸਦੀ ਉਸਾਰੀ 1920 ਈਸਵੀ ਵਿਚ ਲੁਧਿਆਣਾ, ਅੰਬਾਲਾ, ਦੇਹਰਾਦੂਨ ਅਤੇ  ਪਿੰਡ ਚਾਨੀਆਂ ਦੀ ਸੰਗਤ ਦੇ ਸਹਿਯੋਗ ਨਾਲ ਪਿੰਡ ਚੋਂ ਧੰਮੂ ਪ੍ਰਵਾਰ ਨਾਲ ਸੰਬੰਧਿਤ ਸ਼੍ਰੀ ਸ਼ਾਦੀ ਰਾਮ ਵੱਲੋਂ ਕਰਵਾਈ ਗਈ ਸੀ । ਉਸਾਰੀ ਦਾ ਕੰਮ ਵੀ ਪਿੰਡ ਚਾਨੀਆਂ ਦੇ ਹੀ ਚਾਨੀਆਂ ਗੋਤ ਨਾਲ ਸੰਬੰਧਤ ਭਾਈ ਨਰੈਣ ਸਿੰਘ ਵੱਲੋਂ ਕੀਤਾ ਗਿਆ ਸੀ । ਮੰਦਰ ਦਾ ਬੇਸ 20 ਫੁੱਟ ਲੰਬਾਈ ਅਤੇ 20 ਫੁੱਟ ਚੌੜਾਈ ਦਾ ਰਖਿਆ ਗਿਆ ਸੀ ਅਤੇ ਬੇਸ ਦੇ ਆਲੇ ਦੁਆਲੇ ਦਸ ਫੁੱਟ ਦੇ ਘੇਰੇ ਦਾ ਵਰਾਂਡਾ ਬਣਾਇਆ ਗਿਆ ਹੈ । ਇਸ ਦੀ ਉਸਾਰੀ ਵਿਚ ਸੀਮਿੰਟ ਦੀ ਜਗ੍ਹਾ ਚੂਨੇ ਦੀ ਵਰਤੋਂ ਕੀਤੀ ਗਈ ਹੈ ਅਤੇ ਚੂਨਾ ਵੀ ਦੇਹਰਾਦੂਨ ਦੀ ਸੰਗਤ ਵੱਲੋਂ ਦੇਹਰਾਦੂਨ ਤੋ ਹੀ ਭੇਜਿਆ ਜਾਂਦਾ ਰਿਹਾ ਹੈ । ਮੰਦਰ ਦੇ ਅੰਦਰਲੇ ਹਾਲ ਵਿਚ ਜੋ ਕੋਈ 20 ਫੁੱਟ ਦੀ ਉਚਾਈ ਵਾਲਾ ਹੈ । ਜਿਸ ਵਿਚ ਭਗਵਾਨ ਵਿਸ਼ਵਕਰਮਾ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ । ਇਸ ਮੂਰਤੀ ਦੀ ਸਥਾਪਨਾ ਦਿੱਲੀ ਦੀ ਸੰਗਤ ਵੱਲੋਂ ਕੀਤੀ ਗਈ ਸੀ । ਹਾਲ ਤੋਂ ਉਪਰਲੀ ਚਿਨਾਈ ਵੀ ਬਹੁਤ ਵਧੀਆ ਕਾਰੀਗਰੀ ਨਾਲ ਕੀਤੀ ਗਈ ਹੈ ।
        ਇਹ ਮੰਦਰ 100 ਫੁੱਟ ਉੱਚਾ ਹੈ ਅਤੇ ਇਸਤੋਂ ਉਪਰ ਪੰਜ ਫੁੱਟ ਦੀ ਸੀਖ ਹੈ, ਜਿਸ ਨਾਲ ਪਿੱਤਲ ਦੀਆਂ ਗਾਗਰਾਂ ਫਿਟ ਕਰਕੇ ਗੁੰਮਦ ਬਣਾਏ ਹੋਏ ਹਨ, ਉਨ੍ਹਾਂ ਉਪਰ ਸੋਨੇ ਦੀ ਝਾਲ ਫੇਰੀ ਹੋਈ ਹੈ । ਇਸ ਮੰਦਰ ਦੀ ਉਸਾਰੀ ਕਰਨ ਨੂੰ ਕੋਈ ਦੋ ਸਾਲ ਦਾ ਸਮਾਂ ਲਗਿਆ ਸੀ ਅਤੇ ਉਸਾਰੀ ਕਰਨ ਤੋਂ ਬਾਦ ਇਸ ਨੂੰ ਉਸੇ ਤਰ੍ਹਾਂ ਹੀ ਛੱਡ ਦਿੱਤਾ ਗਿਆ ਸੀ ਅਤੇ ਬਾਅਦ ਵਿਚ  ਇਸ ਦੀ ਤਿਆਰੀ 1950-52 ਈਸਵੀ ਵਿਚ ਕੀਤੀ ਗਈ ਸੀ ।
  ਮੰਦਰ ਦੀਆਂ ਕੰਧਾਂ ਤੇ ਮੀਨਾਕਾਰੀ ਦਾ ਕੰਮ ਨਕੋਦਰ ਸ਼ਹਿਰ ਦੇ ਮਸ਼ਹੂਰ ਮੀਨਾਕਾਰ ਨੌਹਰੀਆ ਰਾਮ ਮਿਸਤਰੀ ਵਲੋਂ ਕੀਤਾ ਗਿਆ ਸੀ । ਮੰਦਰ ਦੇ ਪ੍ਰਵੇਸ਼ ਦੁਆਰ ਤੇ ਦੋਹੀਂ ਪਾਸੀ ਸ਼ੇਰਾ ਦੇ ਬੁੱਤ ਲੱਗੇ ਹੋਏ ਹਨ ਜੇਹੜੇ ਮੰਦਰ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਰਹੇ ਹਨ । ਸ਼ੇਰਾਂ ਦੇ ਬੁੱਤ ਬਣਾਉਣ ਦਾ ਕੰਮ ਵੀ ਨੌਹਰੀਆ ਰਾਮ ਵੱਲੋਂ ਕੀਤਾ ਗਿਆ ਸੀ| ਜਿਸ ਤਰ੍ਹਾਂ ਪਹਿਲਾ ਵੀ ਜਿਕਰ ਕੀਤਾ ਗਿਆ ਹੈ ਇਸੇ ਨਗਰ ਦੇ ਸ਼ਾਦੀ ਰਾਮ ਨੇ ਹੀ ਮੰਦਰ ਦੀ ਉਸਾਰੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਸੀ । ਸ਼ਾਦੀ ਰਾਮ ਫੇਰ ਆਪਣਾ ਨਾਮ ਬਦਲ ਕੇ ਉਲੂ ਗਿਰ ਦੇ ਰੂਪ ਚ ਇਸ ਮੰਦਰ ਦਾ ਪਹਿਲਾ ਪੁਜਾਰੀ ਬਣ ਕੇ ਗਦੀ ਤੇ ਬੇਠਿਆਂ ਸੀ ਅਤੇ ਉਸੇ ਨੇ ਇਸ ਜਗ੍ਹਾ ਨੂੰ ਖੂਬਸੂਰਤ ਬਣਾਉਣ ਲਈ ਫੁਲ ਅਤੇ ਫਲਦਾਰ ਬੂਟੇ ਲਗਾਏ ਸਨ । ਉਲੂ ਗਿਰ ਦੀ ਮੌਤ ਤੋਂ ਬਾਅਦ ਮਹੰਤ ਸੇਵਾਗਿਰ ਗੱਦੀ ਤੇ ਬੈਠੇ ਸਨ ਫੇਰ ਉਤਮ ਗਿਰ, ਉਨ੍ਹਾਂ ਤੋਂ ਬਾਅਦ ਸਰੀਂਹ ਪਿੰਡ ਦੇ ਮਹੰਤ ਚਰਨ ਗਿਰ ਨੇ ਏਥੇ ਸੇਵਾ ਨਿਭਾਈ ਸੀ, ਚਰਨ ਗਿਰ ਦੀ ਮੌਤ ਤੋਂ ਬਾਅਦ ਯੂ.ਪੀ. ਦੇ ਮਹੰਤ ਧਰਮ ਗਿਰ ਸੇਵਾ ਕਰਦੇ ਰਹੇ ਅਤੇ ਧਰਮ ਗਿਰ ਮੌਤ ਤੋਂ ਬਾਅਦ 1998 ਈਸਵੀ ਤੋਂ ਹੀ ਇਸੇ ਪਿੰਡ ਦੇ ਹੀ ਸ਼੍ਰੀ ਕੈਲਾਸ਼ ਗਿਰ ਇਸ ਅਸਥਾਨ ਤੇ ਸੇਵਾ ਕਰ ਰਹੇ ਹਨ । ਮੌਜੂਦਾ ਮਹੰਤ ਕੈਲਾਸ਼ ਗਿਰ ਦੇ ਸਮੇਂ ਇਸ ਜਗ੍ਹਾ ਤੇ ਕਾਫੀ ਪਰਿਵਰਤਨ ਆਇਆ ਹੈ । ਉਨ੍ਹਾਂ ਵੱਲੋਂ ਸੰਗਤਾਂ ਵਾਸਤੇ ਪਾਣੀ ਪੀਣ ਲਈ ਟੂਟੀਆਂ ਲਗਵਾਈਆਂ ਗਈਆਂ ਹਨ, ਰਸਤੇ ਸੁੰਦਰ ਬਣਾਏ ਗਏ ਹਨ ਅਤੇ ਖੂਬਸੂਰਤ ਪਾਰਕਾਂ ਤੋਂ ਇਲਾਵਾਂ ਮਾਤਾ ਦੇ ਮੰਦਰ ਦੀ ਉਸਾਰੀ ਵੀ ਕੀਤੀ ਗਈ ਹੈ ਜਿਸ ਦੇ ਦੁਆਲੇ ਸਰੋਵਰ ਵੀ ਬਣਾਇਆ ਗਿਆ ਹੈ ।
                ਅੱਜ ਤੱਕ ਦੇ ਪਿਛਲੇ ਸਾਰੇ ਮਹੰਤਾਂ ਦੀਆਂ ਸਮਾਧਾਂ ਵੀ ਇਸੇ ਮੰਦਰ ਦੀ ਚਾਰ ਦੀਵਾਰੀ ਅੰਦਰ ਉਸਾਰੀਆਂ ਗਈਆਂ ਹਨ ਤਾ ਜੋ ਉਨ੍ਹਾਂ ਦੀਆਂ ਯਾਦਗਰਾਂ ਨੂੰ ਵੀ ਕਾਇਮ ਰਖਿਆ ਜਾ ਸਕੇ । ਇਸ ਮੰਦਰ ਦੀ ਪਰੰਪਰਾ ਹੈ ਕਿ ਇਸ ਦਾ ਸੇਵਾਦਾਰ ਗ੍ਰਹਿਸਤੀ ਪੁਰਸ਼ ਨਹੀਂ ਬਣ ਸਕਦਾ । ਪਿਛਲੇ ਕੁਝ ਕੁ ਮਹੰਤਾਂ ਦੇ ਬੁੱਤ ਵੀ ਮੰਦਰ ਦੀ ਜਗ੍ਹਾ ਚ ਲਗਾਏ ਗਏ ਹਨ ।
           ਵਿਸ਼ਵਕਰਮਾ ਬੰਸੀਆਂ ਵਲੋਂ ਇਸ ਜਗ੍ਹਾ ਤੇ ਹਰ ਸਾਲ ਵਿਸ਼ਵਕਰਮਾ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਦਾਂ ਹੈ । ਜਿਸ ਵਿਚ ਵਿਸ਼ਵਕਰਮਾ ਬੰਸੀ ਦੂਰੋਂ ਦੂਰੋਂ ਆ ਕੇ ਏਥੇ ਨਤਮਸਤਕ ਹੁੰਦੇ ਹਨ । ਮੰਦਰ ਦੇ ਨਾਲ ਲਗਦੀ ਜਗ੍ਹਾ ਤੇ ਸਰਕਰੀ ਹਾਈ ਸਕੂਲ ਵੀ ਚੱਲ ਰਿਹਾ ਹੈ । ਜਿਸ ਦੀਆਂ ਗਰਾਊਂਡਾਂ ਵੀ ਕਾਫੀ ਖੁੱਲ੍ਹੀਆਂ ਡੁੱਲ੍ਹੀਆਂ ਹਨ ਜਿਹਦੇ ਕਰਕੇ ਏਥੇ ਹਰ ਵਕਤ ਰੌਣਕ ਲੱਗੀ ਰਹਿੰਦੀ ਹੈ । ਸਕੂਲ ਦੇ ਬੱਚੇ ਵੀ ਸਵੇਰੇ ਸ਼ਾਮ ਮੰਦਰ ਮੱਥਾ ਟੇਕਣ ਆਉਦੇਂ ਹਨ । ਕਿਉਂਕਿ ਇਹ ਮੰਦਰ ਪਿੰਡ ਤੋਂ ਬਾਹਰ ਇੱਕ ਨਿਵੇਕਲੀ ਜਗ੍ਹਾ ਤੇ ਹੈ । ਇਥੇ ਆਉਣ ਵਾਲਿਆਂ ਨੂੰ ਇਕ ਵਖਰੀ ਕਿਸਮ ਦਾ ਸਕੂਨ ਅਤੇ ਸ਼ਾਂਤੀ ਮਿਲਦੀ ਹੈ ਅਤੇ ਰਹਿਣ ਨੂੰ ਮੱਲੋ ਮੱਲੀ ਦਿਲ ਵੀ ਕਰਦਾ ਹੈ । ਵਿਸ਼ਵਕਰਮਾ ਦਿਵਸ ਤੋਂ ਇਲਾਵਾ ਇਸ ਜਗ੍ਹਾ ਤੇ ਸ਼ਰਧਾਂ ਨੂੰ,ਸ਼ਿਵਰਾਤਰੀ ਨੂੰ ਗੁਰੂ ਪੁੰਨਿਆ ਵਾਲੇ ਦਿਨ ਮਨਾਏ ਜਾਂਦੇ ਹਨ ਅਤੇ ਵਿਸ਼ਾਲ ਲੰਗਰ ਲਗਾਏ ਜਾਂਦੇ  ਹਨ । ਸ਼ਰਾਧਾਂ ਵਾਲੇ ਦਿਨ ਤਾਂ ਏਥੇ ਦੂਰੋਂ ਦੂਰੋਂ ਸਾਧੂ ਮੰਡਲੀਆਂ ਵੀ ਆਉਂਦੀਆਂ ਹਨ, ਜਿਨ੍ਹਾਂ ਦੀ ਆਓ ਭਗਤ ਤੇ ਕਾਫੀ ਖਰਚਾ ਕੀਤਾ ਜਾਂਦਾ ਹੈ । ਰਾਮਗੜ੍ਹੀਆ ਭਾਈਚਾਰੇ ਦੀ ਇਹ ਬਹੁਤ ਸੁੰਦਰ ਅਤੇ ਰਮਣੀਕ ਜਗ੍ਹਾ ਹੈ, ਜਿਥੇਂ ਰਹਿਣ ਨੂੰ ਹਰ ਇਕ ਦਾ ਦਿਲ ਕਰਦਾ ਹੈ ।

No comments:

Post a Comment