Friday 17 June 2011

ਕਿੱਥੇ ਨੂੰ ਜਾ ਰਿਹੈ ਪੰਜਾਬ!

ਨਿੰਦਰ ਘੁਗਿਆਣਵੀ
ਚਾਹੇ ਪੰਜਾਬ ਤੇ ਚਾਹੇ ਦੂਰ-ਦੁਨੀਆਂ ਵਿੱਚ ਵੀ ਬੈਠਾ ਸੋਚਵਾਨ ਪੰਜਾਬੀ ਇਸ ਵੇਲੇ ਡਾਹਢਾ ਚਿੰਤਤ ਹੈ ਕਿ ਪੰਜਾਬ ਦਾ ਵਾਲੀ-ਵਾਰਿਸ ਕੌਣ ਹੈ? ਕੌਣ ਹੈ ਪੰਜਾਬ ਦਾ ਦਿਲੋਂ ਦਰਦੀ? ਕਿਹੜਾ ਵੈਦ ਹੈ
ਪੰਜਾਬ ਦੇ ਜਖ਼ਮਾਂ 'ਤੇ ਮਲ੍ਹਮ ਲਾਉਣ ਵਾਲਾ? ਅੱਜ ਕਿੱਥੇ ਜਾ ਰਿਹੈ ਪੰਜਾਬ? ਆਖਿਰ ਬਣੂੰ ਕੀ ਪੰਜਾਬ ਦਾ? ਦੁਨੀਆਂ ਭਰ ਦਾ ਦਰਦ ਵੰਡਾਉਣ ਵਾਲਾ ਪੰਜਾਬ ਅੱਜ ਪੀੜੋ-ਪੀੜ ਹੋ ਰਿਹੈ...ਤੇਈਏ ਦੇ ਤਾਪ ਨਾਲ ਹੁੰਘ ਰਿਹੈ...ਕਿੰਨੀਆਂ ਤੱਤੀਆਂ ਹਨੇਰੀਆਂ ਤੇ ਝੱਖੜਾਂ ਨਾਲ ਝੁਲਸਿਆ ਪੰਜਾਬ..ਵਾਰ-ਵਾਰ ਵੰਡਿਆ ਗਿਆ ਪੰਜਾਬ..ਪਹਿਲਾਂ ਸੰਨ 1911 ਵਿੱਚ..ਜਦ ਪੰਜਾਬ ਤੋਂ ਦਿੱਲੀ ਜੁਦਾ ਕਰ ਦਿੱਤੀ ਗਈ..ਫਿਰ 1919 ਵਿੱਚ ਪਿਛਾਵਰ ਦਾ ਸੂਬਾ ਕੱਟਕੇ ਵੱਖ ਬਣਾ ਦਿੱਤਾ ਗਿਆ..ਫਿਰ 1947 ਵਿੱਚ ਵੰਡਿਆ ਗਿਆ ਤੇ ਫਿਰ 1966 ਵਿੱਚ ਜਦੋਂ ਹਰਿਆਣਾ ਤੇ ਹਿਮਾਚਲ ਤੇ ਹੋਰ ਖਿੱਤੇ ਅਲਹਿਦਾ ਕੀਤੇ ਗਏ। ਕਟੀਂਦੇ..ਵਢੀਂਦੇ..ਤੇ ਲਤੜੀਂਦੇ ਪੰਜਾਬ ਨੇ ਕਦੇ 'ਸੀ' ਨਾ ਉਚਰੀ..ਕੂਕ ਤਾਂ ਕੀ ਮਾਰਨੀ ਸੀ?
ਆਏ ਦਿਨ ਦਿਲ ਹਲੂੰਣਵੀਆਂ ਘਟਨਾਵਾਂ ਘਟ ਰਹੀਆਂ ਨੇ। ਧਰਮ ਦੇ ਨਾਂ 'ਤੇ ਕਦੇ ਨਾ ਮੁੱਕਣ ਵਾਲੀ ਲੜਾਈ ਕਿਸੇ ਖ਼ਤਰਨਾਕ ਅੱਗ ਦਾ ਰੂਪ ਧਾਰਨ ਕਰਨ ਵਾਲੀ ਧੂਣੀ ਵਾਂਗ ਧੁਖ਼ ਰਹੀ ਹੈ। ਬੇਰੁਜ਼ਗਾਰੀ ਦੇ ਅੰਨ੍ਹੇ ਡਰੋਂ ਘਰੋਂ ਦੌੜੀ ਪੰਜਾਬ ਦੀ ਜਵਾਨੀ ਪਰਦੇਸਾਂ ਵਿੱਚ ਭਟਕ ਰਹੀ ਹੈ। ਬਾਕੀ ਪੰਜਾਬ ਵਿੱਚ ਰਹਿ ਗਈ ਜੁਆਨੀ ਲਈ ਕੋਈ ਚੰਗਾ ਭਵਿੱਖ ਨਹੀਂ। ਕੋਈ ਨੀਤੀ ਤੇ ਰੋਜ਼ਗਾਰ ਨਹੀਂ। ਹਰੇਕ ਮਨ ਅਸੁੱਰਖਿਆ ਦੀ ਭਾਵਨਾ ਦੇ ਭਾਰ ਨਾਲ ਲੱਦਿਆ ਫਿਰਦਾ ਹੈ। ਦਿਮਾਗੀ ਬੀਮਾਰੀਆਂ ਦੇ ਡਾਕਟਰਾਂ ਦੇ ਘਰਾਂ ਤੇ ਹਸਪਤਾਲਾਂ ਵਿੱਚ ਭੀੜ ਵਧ ਗਈ ਹੈ। ਸਾਧਾਂ ਦੇ ਡੇਰੇ ਡਕਾਰ ਗਏ ਨੇ ਸੁਖੀ ਵਸਦੇ ਘਰਾਂ ਨੂੰ! ਹਰ ਰੁੱਤ ਦੀ ਫ਼ਸਲ ਮੰਡੀਆਂ ਵਿੱਚ ਰੁਲਦੀ ਹੈ। ਗੋਦਾਮਾਂ ਵਿੱਚ ਗਲਦੀ ਹੈ। ਕੋਈ ਸ਼ਹਿਰ ਜਾਂ ਕਸਬਾ ਅਜਿਹਾ ਨਹੀਂæææਜੋ ਧਰਨੇ, ਮੁਜ਼ਾਹਰੇ ਤੇ ਰੈਲੀਆਂ ਤੋਂ ਸੱਖਣਾ ਹੋਵੇ! ਕੋਈ ਥਾਣਾ ਅਜਿਹਾ ਨਹੀਂ, ਜਿੱਥੇ ਲੁੱਟ-ਖੋਹ, ਮਰਾ-ਮਰਾਈ, ਕਤਲ ਜਾਂ ਇਰਾਦਾ ਕਤਲ ਦਾ ਪਰਚਾ ਆਏ ਦਿਨ ਦਰਜ ਨਾ ਹੁੰਦਾ ਹੋਵੇ! ਮਾਲਵੇ ਨੂੰ ਕੈਂਸਰ ਕਿਸੇ ਭੁੱਖੇ ਬਘਿਆੜ ਵਾਂਗ ਖਾਈ ਜਾ ਰਿਹੈ। ਪੰਜਾਬ ਦੇ ਪਾਣੀਆਂ ਤੇ ਹਵਾਵਾਂ ਵਿੱਚ ਜਿਵੇਂ ਜ਼ਹਿਰ ਘੁਲ ਗਈ ਹੈ। ਅੱਧਾ ਪੰਜਾਬ ਕੈਂਸਰ ਦੇ ਇਲਾਜ ਲਈ ਬੀਕਾਨੇਰ ਦੀਆਂ ਧੂੜਾਂ ਫੱਕਦਾ ਫਿਰ ਰਿਹਾ ਹੈ। ਟੱਬਰਾਂ ਦੇ ਟੱਬਰ ਮੁੱਕ ਰਹੇ ਹਨ। ਫ਼ਿਰੋਜ਼ਪੁਰ ਤੋਂ ਗੰਗਾਨਗਰ ਜਾਣ ਵਾਲੀ ਪੰਜਾਬ ਮੇਲ, (ਜੋ ਕੈਂਸਰ ਪੀੜਤਾਂ ਨਾਲ ਭਰੀ ਹੋਈ ਜਾਂਦੀ ਹੈ), ਦਾ ਨਾਂ ਹੁਣ ਲੋਕਾਂ ਨੇ 'ਪੰਜਾਬ ਮੇਲ' ਤੋਂ ਬਦਲ ਕੇ 'ਕੈਂਸਰ ਮੇਲ' ਰੱਖ ਦਿੱਤਾ ਹੈ), ਅਜਿਹਾ ਕਿਹੜਾ ਪਿੰਡ ਹੈ, ਜਿੱਥੇ ਕੈਂਸਰ ਜਾਂ ਹਾਰਟ ਅਟੈਕ ਦਾ ਮਰੀਜ਼ ਨਹੀਂ? ਕਿਸੇ ਵੀ ਹਸਪਤਾਲ ਚਲੇ ਜਾਓ, ਤਾਂ ਜਾਪੇਗਾ ਕਿ ਜਿਵੇਂ ਸਾਰਾ ਪੰਜਾਬ ਹੀ ਬੀਮਾਰ ਹੋ ਗਿਆ ਹੈ। ਕਿਸੇ ਕਚਹਿਰੀ ਚਲੇ ਜਾਓ, ਲੱਗੇਗਾ ਕਿ ਜਿਵੇਂ ਸਾਰਾ ਪੰਜਾਬ ਹੀ ਮੁਕੱਦਮਿਆਂ ਵਿੱਚ ਉਲਝ ਕੇ ਰਹਿ ਗਿਆ ਹੈ। ਨਸ਼ਿਆਂ ਦਾ ਦਰਿਆ ਕੀਹਨੇ ਠੱਲ੍ਹਿਆ ਹੈ ਹੁਣ ਤੀਕ? ਨਸ਼ੇ ਲੀਡਰਾਂ ਦੀ ਲੋੜ ਹਨ, ਸ੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਲੈ ਕੇ ਹਰੇਕ ਚੋਣਾਂ ਵਿੱਚ ਪੈਸੇ ਦੇ ਨਾਲ-ਨਾਲ ਭੁੱਕੀ, ਅਫ਼ੀਮ, ਸ਼ਰਾਬ, ਡੋਡੇ ਆਦਿ ਸਭ ਕੁਝ ਵਾਧੂੰ। ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਵਾਧਾ। ਸਰਕਾਰ ਨੂੰ ਘਾਟਾ ਨਾ ਪਵੇ, ਲੋਕਾਂ ਦਾ ਚਾਹੇ ਕੱਖ ਨਾ ਰਹੇ? ਰਾਜ ਨੂੰ ਚਲਾਉਣ ਵਾਲੇ ਹੈਲੀਕੌਪਟਰ ਚਲਾਉਂਦੇ ਫਿਰਦੇ ਹਨ। ਨਾਹਰਿਆਂ ਤੇ ਜੈਕਾਰਿਆਂ 'ਤੇ ਜ਼ੋਰ ਹੈ। ਸਿਹਤ ਤੇ ਮੁਢਲੀ ਸਿੱਖਿਆ ਵਰਗੀਆਂ ਸਹੂਲਤਾਂ ਨੂੰ ਪੱਕੇ-ਪੈਰੀਂ ਨਹੀਂ ਹੋ ਸਕੀਆਂ। ਡਾਕਟਰਾਂ ਤੇ ਮਾਸਟਰਾਂ ਦੀਆਂ ਅਸਾਮੀਆਂ ਥਾਂ-ਥਾਂ ਖਾਲੀ ਹਨ। ਸਰਕਾਰ ਦੇ ਤਨਖਾਹਾਂ ਦੇਣ ਤੋਂ ਹੱਥ ਖੜ੍ਹੇ ਹਨ। ਜਿਹੜੇ ਪੱਕੇ ਮੁਲਾਜ਼ਮ ਹਨ, ਉਹ ਬੇਰੁਜ਼ਗਾਰਾਂ ਵੱਲ ਦੇਖ ਕੇ ਤਰਸ ਨਹੀਂ ਖਾਂਦੇ, ਸਗੋਂ ਹੋਰ ਭੱਤਿਆਂ, ਬੌਨਸਾਂ ਤੇ ਤਨਖਾਹਾਂ ਦੇ ਵਾਧੇ ਲਈ ਨਿੱਤ ਦਿਨ ਹੜਤਾਲਾਂ ਤੇ ਮੁਜ਼ਾਹਰੇ ਕਰਦੇ ਦਿਖਾਈ ਦਿੰਦੇ ਹਨ।
ਇਨਸਾਫ਼ ਦੇਣ ਵਾਲਿਆਂ ਦੀਆਂ ਦੁੱਧ-ਧੋਤੀਆਂ ਸਫੈਦ ਕਮੀਜ਼ਾਂ 'ਤੇ ਮੋਟੇ-ਕਾਲੇ ਧੱਬੇ ਲੱਗ ਰਹੇ ਹਨ। ਪੰਜਾਬ ਦੇ ਕਈ ਜੱਜਾਂ ਦੀਆਂ ਤਫਤੀਸ਼ਾਂ ਹਾਈਕੋਰਟ ਵਿੱਚ ਚੱਲ ਰਹੀਆਂ ਨੇ ਤੇ ਕਈਆਂ ਤੋਂ ਅਸਤੀਫ਼ੇ ਲਿਖਵਾ ਕੇ ਦਿਨ-ਦੀਵੀਂ ਘਰੀਂ ਤੋਰ ਦਿੱਤੇ ਹਨ। ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਕਿਹਾ ਹੈ ਕਿ ਕਾਲੇ ਕੋਟਾਂ ਵਾਲੇ ਆਪਣੇ ਦਿਲ ਨਾ ਕਾਲੇ ਕਰਨ। ਕਿੱਡੀ ਮਹੱਤਵਪੂਰਨ ਗੱਲ ਕਹੀ ਚੀਫ਼ ਜਸਟਿਸ ਨੇ। ਖ਼ੈਰ! ਜਿੱਡਾ ਮਰਜ਼ੀ ਵੱਡਾ ਜੁਰਮ ਕਰੋ ਤੇ ਪਲ 'ਚ ਜ਼ਮਾਨਤ ਲਵੋ। ਰਵੀ ਸਿੱਧੂ-ਰਿਸ਼ਵਤ ਕਾਂਡ ਨਾਲ ਦੁਨੀਆਂ ਭਰ ਵਿੱਚ ਪੰਜਾਬ ਦੀ 'ਤੋਏ-ਤੋਏ' ਹੋਈ..ਉਹਦਾ ਕੀ ਬਣਿਆ? ਏਡਾ ਲੰਬਾ ਕੇਸ ਕਿਉਂ ਲਟਕ ਗਿਆ? ਕਿਸੇ ਨੂੰ ਪਤਾ ਹੈ? ਬਸ਼..ਚੁੱਪ..ਕਦੇ ਕੋਈ ਖ਼ਬਰ ਨਹੀਂ ਆਉਂਦੀ ਉਹਦੀ ਕਿੱਥੇ ਪੇਸ਼ੀ ਪੈਂਦੀ ਵੀ ਹੈ, ਜਾਂ ਨਹੀਂ? ਇੱਕ ਹੋਰ ਗੱਲ ਇਹ ਵੀ ਕਿ ਸੇਵਾਮੁਕਤੀ 'ਤੇ ਬੈਠੈ ਜੱਜਾਂ ਨੂੰ ਝਾਕ ਹੁੰਦੀ ਹੈ ਕਿ ਸਮੇਂ ਦੀ ਸਰਕਾਰ ਦੇ ਹੱਕ ਵਿੱਚ ਫੈਸਲੇ ਕਰੀ ਜਾਓ ਸੇਵਾਮੁਕਤੀ ਮਗਰੋਂ ਕੋਈ ਨਾ ਕੋਈ ਅਹੁਦਾ ਲਾਜ਼ਮੀ ਹੀ ਮਿਲ ਜਾਵੇਗਾ। ਬਥੇਰੀਆਂ ਪੋਸਟਾਂ ਹੁੰਦੀਆਂ ਨੇ ਸੇਵਾਮੁਕਤ ਜੱਜਾਂ ਨੂੰ ਸਾਂਭਣ ਲਈ।
ਪੁਲੀਸ ਸਮੇਤ ਸਮੁੱਚੀ ਅਫ਼ਸਰਸ਼ਾਹੀ ਲੋਕਾਂ ਦੀ ਨਹੀਂ, ਸਗੋਂ ਮੌਕੇ ਦੇ ਹਾਕਮਾਂ ਦੀ ਨਿੱਜੀ ਹੋ ਕੇ ਰਹਿ ਗਈ ਹੈ ਤੇ ਸਮੁੱਚੇ ਰਾਜ ਦਾ ਪ੍ਰਸਾਸ਼ਨ (ਪ੍ਰਬੰਧ) ਚਲਾਉਣ ਵਾਲੇ (ਆਈæਏæਐੱਸ, ਆਈæਪੀæਐੱਸ਼ਤੇ ਪੀæਸੀæਐੱਸ ਅਧਿਕਾਰੀ) ਧੜਿਆਂ ਵਿੱਚ ਵੰਡੇ ਗਏ ਤੇ ਅਲੱਗ-ਥਲੱਗ ਪੈ ਗਏ ਹਨ। ਉਹਨਾਂ ਵਿਚੋਂ 'ਸੱਚ' ਨੂੰ 'ਸੱਚ' ਤੇ 'ਝੂਠ' ਨੂੰ 'ਝੂਠ' ਆਖਣ ਦੀ ਜੁਅੱਰਤ ਮਰ ਗਈ ਹੈ। ਨੇਤਾਵਾਂ ਨੂੰ ਸੱਚੀ ਤੇ ਸਹੀ ਸਲਾਹ ਦੇਣ ਤੋਂ ਉਹਨਾਂ ਦੀ ਆਤਮਾ ਮੁਨਕਿਰ ਹੋ ਗਈ ਹੈ। ਲੀਡਰ ਆਪਣੇ ਚਹੇਤੇ ਅਫਸਰਾਂ ਨੂੰ ਆਪਣੀ ਮਰਜ਼ੀ ਨਾਲ ਤਾਇਨਾਤ ਕਰਵਾਉਣ ਤੇ ਮਨ-ਮਰਜ਼ੀ ਦੇ ਕੰਮ ਕਰਾਵਉਣ। ਅਫਸਰਸ਼ਾਹੀ ਨਿੱਕੇ-ਨਿੱਕੇ ਤੇ ਸਥਾਨਿਕ ਕਸਬਿਆਂ ਦੇ ਲੀਡਰਾਂ ਦੀ ਗੁਲਾਮ ਬਣ ਗਈ ਹੈ। ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੀਡੀਆ ਆਪਣੇ ਫ਼ਰਜ਼ਾਂ ਤੋਂ ਭੱਜਣ ਲੱਗਿਆ ਹੈ।
ਆਹਲਾ ਅਫ਼ਸਰ ਸੇਵਾ-ਮੁਕਤੀ ਮਗਰੋਂ ਚੋਣ ਲੜਨ ਲਈ ਟਿਕਟਾਂ ਭਾਲਦੇ ਲੀਡਰਾਂ ਦੀਆਂ ਝੋਲੀਆਂ ਵਿੱਚ ਡਿੱਗਣ ਲੱਗੇ ਹਨ, ਆਪਣੇ-ਆਪਣੇ ਅਕਾਵਾਂ ਦੇ ਸੋਹਲੇ ਗਾਉਂਦੇ ਫਿਰਦੇ ਹਨ-ਜਿਸਦੀ ਖਾਈਏ ਬਾਜਰੀ, ਉਸਦੀ ਭਰੀਏ ਹਾਜ਼ਰੀæææ। ਜਿੱਥੇ ਰਾਜ ਦਾ ਢਾਚਾ ਚਲਾਉਣ ਵਾਲੇ ਅਜਿਹੇ ਹੋ ਜਾਣ, ਉਸ ਰਾਜ ਦਾ ਬਣਨਾ ਕੀ?
ਬੜੀ ਹੈਰਾਨੀ ਭਰੀ ਖ਼ਬਰ ਸੀ, ਜਿਸਨੂੰ ਪੜ੍ਹ ਕੇ ਮੈਂ ਕਿੰਂਨਾ ਚਿਰ ਸੋਚਦਾ ਰਿਹਾ ਕਿ ਆਖਰ ਸਾਡੇ ਲੋਕਾਂ ਦੀ ਸੋਚ ਕਦੋਂ ਬਦਲੇਗੀ? ਖ਼ਬਰ ਸੀ ਕਿ ਪੰਜਾਬ ਦੇ ਕੈਬਨਿਟ ਮੰਤਰੀ ਮੰਨੋਰੰਜਨ ਕਾਲੀਆ ਜਦ ਸੀæਬੀæਆਈ ਦੀ ਅਦਾਲਤ ਵਿੱਚੋਂ ਪੇਸ਼ੀ ਭੁਗਤ ਕੇ ਬਾਹਰ ਆਏ ਤਾਂ ਲੋਕਾਂ ਨੇ ਢੋਲ ਵਜਾਕੇ ਉਹਨਾਂ ਦਾ ਸਵਾਗਤ ਕੀਤਾæææਭੰਗੜੇ ਪਾਏ ਤੇ ਉਹਨਾਂ ਨੂੰ ਮੋਢਿਆਂ 'ਤੇ ਚੁੱਕ ਲਿਆ। ਆਏ ਤਾਂ ਉਹ ਭ੍ਰਿਸ਼ਟਾਚਾਰ ਨਾਲ ਸਬੰਧਤ ਆਪਣੀ ਤਫ਼ਤੀਸ਼ ਲਈ ਸਨ,ਨਾ ਕਿ ਪੰਜਾਬ ਲਈ ਕੋਈ ਸੋਨ ਤਮਗਾ ਜਿੱਤ ਕੇ ਲਿਆਏ ਸਨ? ਇਹ ਹੈ ਸਾਡੇ ਲੋਕਾਂ ਦੀ ਸੋਚ। ਇਹ ਖ਼ਬਰ ਪੜ੍ਹਦਿਆਂ ਮੈਂਨੂੰ ਉਹ ਪਲ ਵੀ ਚੇਤੇ ਆਏ, ਜਦ ਕਾਂਗਰਸ ਦੀ ਸਰਕਾਰ ਵਿੱਚ ਇੱਕ ਸ਼ਖ਼ਸ ਜੇæਲ੍ਹ ਮੰਤਰੀ ਰਹੇ ਤੇ ਇੱਕ ਕਤਲ ਕੇਸ ਵਿੱਚ ਉਹਨਾਂ ਨੂੰ ਜੇæਲ੍ਹ ਹੋ ਗਈ ਸੀ, ਜਦ ਕੈਦ ਕੱਟ ਕੇ ਬਾਹਰ ਆਏ ਸਨ ਤਾਂ ਲੋਕਾਂ ਨੇ ਢੋਲਾਂ-ਧਮੱਕਿਆਂ ਨਾਲ ਉਹਨਾਂ ਦਾ ਗੱਜ-ਵੱਜ ਕੇ ਸਵਾਗਤ ਕੀਤਾ ਸੀ। ਲੋਕਾਂ ਨੂੰ ਕੌਣ ਪੁੱਛੇ ਕਿ ਕੀ ਇਹ ਬਹੁਤ ਚੰਗਾ ਕਾਰਜ ਕਰਨ ਕਰਕੇ ਜ਼ੇਲ੍ਹ ਗਏ ਸਨ ਤੇ ਹੁਣ ਬਾਹਰ ਆਉਣ 'ਤੇ ਇਹ ਕੁਝ ਕਰ ਰਹੇ ਓ? ਸਪੱਸ਼ਟ ਹੈ ਕਿ ਸਾਡੇ ਲੋਕਾਂ ਦੀ ਸੋਚ ਹੀ ਗਿਰ ਗਈ ਹੋਈ ਹੈ। ਲੋਕਾਂ ਨੂੰ ਖ਼ਰੇ ਖੋਟੇ ਦੀ ਜਿਵੇਂ ਪਛਾਣ ਹੀ ਨਹੀਂ।
ਲੀਡਰਾਂ ਦੀ ਲੜਾਈ ਕਦੇ ਨਹੀਂ ਮੁੱਕਣੀ। ਆਏ ਦਿਨ ਹੋਰ-ਹੋਰ ਵਧਣੀ ਹੈ। ਇਹਨਾਂ ਦੀ ਲੜਾਈ ਵਿੱਚ ਨੁਕਸਾਨ ਇਹਨਾਂ ਦਾ ਨਹੀਂ, ਸਗੋਂ ਆਮ ਲੋਕਾਂ ਦਾ ਹੈ। ਕਿਸੇ ਵੇਲੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਵਾਲ ਕਿਸਾਨ ਆਗੂ ਲੱਖੋਵਾਲ ਅੱਜਕਲ੍ਹ ਬਾਦਲ ਸਹਿਬ ਦੇ ਕੰਧਾੜੇ ਚੜ੍ਹ ਬੈਠਾ ਹੈ ਤੇ ਭੁੱਲ ਗਿਆ ਹੈ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਕ! ਕਿਉਂਕਿ ਉਹਨੂੰ ਪੰਜਾਬ ਦੇ ਮੰਡੀਬੋਰਡ ਦੀ ਚੇਅਰਮੈਨੀ (ਲਾਲ ਬੱਤੀ) ਕਦੋਂ ਲੱਭਣੀ ਸੀæææਜੇਕਰ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਕਰਦਾ ਰਹਿੰਦਾ?
ਬੜ੍ਹਕਾਂ ਮਾਰਨ ਵਾਲੇ ਦਲੇਰ ਪੰਜਾਬੀ ਅੱਜ ਦੁੱਖਾਂ ਦੇ ਹਉਕੇ ਲੈ ਰਹੇ ਹਨ। ਦਲੇਰ ਪੰਜਾਬੀ ਦੀ ਬੜ੍ਹਕ 'ਤੇ ਜਿਵੇਂ ਕਿਸੇ ਨੇ ਡਾਕਾ ਮਾਰ ਲਿਆ ਹੈ।
ਇੱਕ ਦਿਨ ਇੱਕ ਅਹਿਮ ਰਿਪੋਰਟ ਅਖ਼ਬਾਰ ਵਿੱਚ ਨਸ਼ਰ ਹੋਈ ਸੀ ਕਿ ਬਜ਼ੁਰਗਾਂ ਦਾ ਘਰਾਂ 'ਚੋਂ ਨਿਕਾਲਾ ਤੇ ਅਣਦੇਖੀ ਵਧੀ ਹੈ ਤੇ ਨੌਜਵਾਨਾਂ ਵਿੱਚ ਮਹਿੰਗੇ ਕੁੱਤੇ ਰੱਖਣ ਦਾ ਸ਼ੌਕ ਪ੍ਰਫੁਲਤ ਹੋ ਰਿਹਾ ਹੈ। ਇਹ ਰਿਪੋਰਟ ਪੜ੍ਹ ਕੇ ਮਨ 'ਚ ਖ਼ਿਆਲ ਬਹੁੜ ਪਿਆæææਦੇਰ ਪਹਿਲਾਂ ਲਿਖੀ ਇੱਕ ਮਿੰਨੀ੍ਹ ਕਹਾਣੀ ਦਾæææਜਿਸਦਾ ਸਾਰ ਕੁਝ ਇਸ ਤਰਾਂ੍ਹ ਹੈ-"ਅੱਖੋਂ ਮੁਨਾਖੀ ਇੱਕ ਦਾਦੀ ਪੋਤੇ ਨੂੰ ਆਖ ਰਹੀ ਹੈ…ਮੇਰੀ ਉਂਗਲੀ ਫੜ੍ਹ ਕੇ ਮੈਨੂੰ ਬਾਥਰੂਮ ਲਈ ਗੁਸਲਖਾਨੇ ਦੇ ਨੇੜੇ ਛੱਡ ਆæææਪੋਤਾ ਕਹਿ ਰਿਹਾ ਹੈ ਕਿ ਮੇਰੇ ਡੌਗੀ ਨੂੰ ਲੈਟਰਿਨ ਕਰਵਾਉਣ ਲਈ ਲੈ ਕੇ ਜਾਣਾ ਐਂæææਮੈਂ ਲੇਟ ਹੋ ਰਿਹਾ ਆਂæææਤੂੰ ਆਪੇ ਜਾਇਆæææਤੇ ਪੋਤਾ ਆਪਣੇ ਡੌਗੀ ਦੀ ਸੰਗਲੀ ਪਕੜ ਘਰੋਂ ਬਾਹਰ ਹੋ ਜਾਂਦਾ ਹੈ।"
94174-21700

No comments:

Post a Comment